ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (IPL) 2022 ਦਾ 53ਵਾਂ ਮੈਚ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਲਖਨਊ ਸੁਪਰ ਜਾਇੰਟਸ (ਐਲਐਸਜੀ) ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਹ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (MCAS) ਵਿੱਚ ਜਾਰੀ ਹੈ। LSG ਅਤੇ KKR ਮੌਜੂਦਾ ਸੈਸ਼ਨ 'ਚ ਆਪਣਾ 11ਵਾਂ ਮੈਚ ਖੇਡਣ ਲਈ ਮੈਦਾਨ 'ਤੇ ਉਤਰੀਆਂ ਹਨ। ਲਖਨਊ ਦੀ ਕਪਤਾਨੀ ਕੇਐਲ ਰਾਹੁਲ ਕਰ ਰਹੇ ਹਨ ਅਤੇ ਕੋਲਕਾਤਾ ਦੀ ਕਮਾਨ ਸ਼੍ਰੇਅਸ ਅਈਅਰ ਕੋਲ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ।
ਲਖਨਊ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐਲਐਸਜੀ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਦੇ ਨੇੜੇ ਹੈ। ਉਸ ਦੇ ਮੌਜੂਦਾ 10 ਮੈਚਾਂ ਵਿੱਚ 7 ਜਿੱਤਾਂ ਅਤੇ 3 ਹਾਰਾਂ ਤੋਂ ਬਾਅਦ 14 ਅੰਕ ਹਨ। ਲਖਨਊ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਐਲਐਸਜੀ ਨੇ ਆਪਣੇ ਪਿਛਲੇ ਤਿੰਨ ਮੈਚਾਂ ਵਿੱਚ ਲਗਾਤਾਰ ਜਿੱਤ ਦਰਜ ਕੀਤੀ ਹੈ ਅਤੇ ਹੁਣ ਉਹ ਕੇਕੇਆਰ ਦੇ ਸਾਹਮਣੇ ਜੇਤੂ ਚੌਕਾ ਮਾਰਨ ਦੀ ਕੋਸ਼ਿਸ਼ ਕਰੇਗੀ। ਰਾਹੁਲ ਇਸ ਸਮੇਂ ਸ਼ਾਨਦਾਰ ਫਾਰਮ 'ਚ ਹਨ, ਉਨ੍ਹਾਂ ਨੇ 10 ਮੈਚਾਂ 'ਚ 451 ਦੌੜਾਂ ਬਣਾਈਆਂ ਹਨ, ਜਿਸ 'ਚ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਸ਼ਾਮਲ ਹਨ।
ਕੋਲਕਾਤਾ ਨੇ ਟੂਰਨਾਮੈਂਟ ਦੀ ਸ਼ੁਰੂਆਤ 'ਚ ਚੰਗਾ ਪ੍ਰਦਰਸ਼ਨ ਕੀਤਾ। ਪਰ ਫਿਰ ਟੀਮ ਫਿੱਕੀ ਪੈ ਗਈ ਅਤੇ ਲਗਾਤਾਰ ਪੰਜ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਕੋਲਕਾਤਾ ਲਈ ਅੱਗੇ ਦਾ ਰਸਤਾ ਥੋੜ੍ਹਾ ਮੁਸ਼ਕਿਲ ਹੈ। ਹਾਲਾਂਕਿ, ਕੇਕੇਆਰ ਨੇ ਆਪਣੇ ਆਖਰੀ ਮੈਚ ਵਿੱਚ ਰਾਜਸਥਾਨ ਰਾਇਲਸ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਜਿੱਤ ਦੀ ਲੀਹ 'ਤੇ ਵਾਪਸੀ ਕੀਤੀ ਹੈ। ਜੇਕਰ ਸ਼੍ਰੇਅਸ ਬ੍ਰਿਗੇਡ ਨੇ ਆਪਣੀ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਉਸਨੂੰ ਲਖਨਊ ਦੇ ਖਿਲਾਫ ਕਿਸੇ ਵੀ ਕੀਮਤ 'ਤੇ ਜਿੱਤ ਦਰਜ ਕਰਨੀ ਹੋਵੇਗੀ। ਉਸ ਦੇ 10 ਮੈਚਾਂ ਵਿੱਚ ਚਾਰ ਜਿੱਤਾਂ ਨਾਲ ਅੱਠ ਅੰਕ ਹਨ ਅਤੇ ਉਹ ਅੱਠਵੇਂ ਸਥਾਨ ’ਤੇ ਹੈ।