ਨਵੀਂ ਦਿੱਲੀ: ਕਰਨਾਟਕ ਦੇ ਬੱਲੇਬਾਜ਼ ਰੋਬਿਨ ਉਥੱਪਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14ਵੇਂ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਨਾਲ ਖੇਡਣਗੇ। ਉਸ ਦਾ ਆਈਪੀਐਲ 2021 ਦੀ ਨਿਲਾਮੀ ਤੋਂ ਠੀਕ ਪਹਿਲਾਂ ਰਾਜਸਥਾਨ ਰਾਇਲਜ਼ ਤੋਂ ਚੇਨਈ ਨਾਲ ਸਮਝੌਤਾ ਹੋਇਆ ਸੀ।
ਪਿਛਲੇ ਆਈਪੀਐੱਲ ਵਿੱਚ ਰਾਜਸਥਾਨ ਲਈ ਖੇਡਣ ਵਾਲੇ ਉਥੱਪਾ ਨੇ 12 ਮੈਚਾਂ ਵਿੱਚ 196 ਦੌੜਾਂ ਬਣਾਈਆਂ ਸਨ। ਉਸ ਦਾ ਸਟ੍ਰਾਈਕ ਰੇਟ ਵੀ 119.51 ਸੀ। ਉਸ ਨੇ ਪਿਛਲੇ ਸੈਸ਼ਨ ਵਿੱਚ ਕੋਈ ਅਰਧ ਸੈਂਕੜਾ ਨਹੀਂ ਬਣਾਇਆ ਸੀ ਅਤੇ ਉਸ ਦਾ ਸਭ ਤੋਂ ਵੱਧ ਸਕੋਰ 41 ਸੀ।
ਐਤਵਾਰ ਨੂੰ ਟਵਿੱਟਰ 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਉਥੱਪਾ ਨੇ ਕਿਹਾ ਕਿ ਸੀਐਸਕੇ ਲਈ ਚੁਣਿਆ ਜਾਣਾ ਉਸ ਲਈ ਇੱਕ "ਇੱਛਾ ਪੂਰੀ ਹੋਣ" ਵਰਗਾ ਹੈ। ਇਸਦੇ ਨਾਲ ਉਸਨੇ ਕਿਹਾ ਕਿ ਉਹ ਇੱਕ ਵਾਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਖੇਡ ਕੇ ਉਸ ਲਈ ਆਈਪੀਐੱਲ ਟਰਾਫੀ ਜਿੱਤਣਾ ਚਾਹੁੰਦਾ ਹੈ।
ਰੌਬਿਨ ਨੇ ਵੀਡੀਓ ਵਿੱਚ ਮਿਲ ਰਹੇ ਪਿਆਰ ਲਈ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਸਨੇ ਕਿਹਾ ਕਿ ਮੈਂ ਉਸ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਦਾ ਹਾਂ ਜੋ ਹੁਣ ਤੱਕ ਮੈਨੂੰ ਮਿਲਿਆ ਹੈ।
ਉਸਨੇ ਅੱਗੇ ਕਿਹਾ, "ਇਮਾਨਦਾਰੀ ਨਾਲ ਦੱਸਣਾ ਚਾਹੁੰਦਾ ਹਾਂ ਕਿ ਇਹ ਮੇਰੀ ਇੱਛਾ ਨੂੰ ਪੂਰਾ ਕਰਨ ਦੇ ਬਰਾਬਰ ਹੈ। ਐੱਮਐੱਸ ਧੋਨੀ ਨਾਲ ਖੇਡਦੇ ਮੈਨੂੰ 12-13 ਸਾਲ ਹੋ ਗਏ ਹਨ। ਮੈਂ ਰਿਟਾਇਰ ਹੋਣ ਤੋਂ ਪਹਿਲਾਂ ਉਸ ਨਾਲ ਟੂਰਨਾਮੈਂਟ ਖੇਡਣਾ ਅਤੇ ਜਿੱਤਣਾ ਚਾਹੁੰਦਾ ਹਾਂ। ਇਸ ਲਈ ਚੇਨਈ ਲਈ ਖੇਡਣਾ ਮੇਰੇ ਲਈ ਚੰਗੀ ਗੱਲ ਹੈ।"
ਉਥੱਪਾ ਨੇ ਅੱਗੇ ਕਿਹਾ, "ਸਿਰਫ ਇਹੀ ਨਹੀਂ, ਮੈਨੂੰ ਬਹੁਤ ਸਾਰੇ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲੇਗਾ ਜਿਹਨਾਂ ਨਾਲ ਮੈਂ ਵੱਡਾ ਹੋਇਆ ਹਾਂ, ਮੈਂ ਅੰਡਰ -17 ਤੋਂ ਹੀ ਅੰਬਾਤੀ ਰਾਇਡੂ ਤੇ ਸੁਰੇਸ਼ ਰੈਨਾ ਨਾਲ ਖੇਡ ਰਿਹਾ ਹਾਂ। ਇਸ ਲਈ ਮੈਂ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਤੇ ਮੈਂ ਹੁਣ ਸਖ਼ਤ ਮਿਹਨਤ ਕਰਾਂਗਾ। ਫਿਰ ਮੈਂ ਉਥੇ ਆ ਕੇ ਤੁਹਾਡੇ ਸਾਰਿਆਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਾਂਗਾ। ”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਥੱਪਾ ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ, ਪੁਣੇ ਵਾਰੀਅਰਜ਼ ਇੰਡੀਆ, ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਲਈ ਖੇਡ ਚੁੱਕੇ ਹਨ।
ਇਹ ਵੀ ਪੜੋ: ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਬਾਅਦ ਵੀ ਪੀਐਸਐਲ 'ਚ ਖੇਡਣਗੇ ਵਹਾਬ ਰਿਆਜ਼ ਤੇ ਡੈਰੇਨ ਸੈਮੀ