ਆਬੂਧਾਬੀ: ਮੰਗਲਵਾਰ ਨੂੰ ਆਈਪੀਐਲ ਦੇ 13ਵੇਂ ਸੀਜ਼ਨ ਦੇ ਹੋਏ 11ਵੇਂ ਮੈਚ ਵਿੱਚ ਰਾਸ਼ਿਦ ਖ਼ਾਨ ਦੀ ਗੇਂਦਬਾਜ਼ੀ ਦੇ ਦਮ 'ਤੇ ਸਨਰਾਈਜ਼ ਹੈਦਰਾਬਾਦ ਨੇ ਦਿੱਲੀ ਕੈਪੀਟਲ ਨੂੰ 15 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ। ਹੈਦਰਾਬਾਦ ਵੱਲੋਂ 163 ਦੌੜਾਂ ਦੇ ਮਿਲੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ 7 ਵਿਕਟਾਂ 'ਤੇ 147 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਸੀਜ਼ਨ ਵਿੱਚ ਆਖ਼ਰੀ ਸਥਾਨ 'ਤੇ ਚੱਲ ਰਹੀ ਸਨਰਾਈਜ਼ ਦੇ ਹੁਣ ਦੋ ਅੰਕ ਹੋ ਗਏ ਹਨ।
ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਰਾਸ਼ਿਦ ਖ਼ਾਨ ਦੀ ਅਗਵਾਈ ਵਿੱਚ ਦਿੱਲੀ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਦੌੜਾਂ ਬਣਾਉਣ ਦਾ ਮੌਕਾ ਹੀ ਨਹੀਂ ਦਿੱਤਾ। ਮੈਨ ਆਫ਼ ਦਾ ਮੈਚ ਰਹੇ ਰਾਸ਼ਿਦ ਖ਼ਾਨ ਨੇ ਖ਼ਤਰਨਾਕ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ਵਿੱਚ ਸਿਰਫ਼ 14 ਦੌੜਾਂ ਦਿੰਦੇ ਹੋਏ 3 ਵਿਕਟਾਂ ਝਟਕਾ ਕੇ ਦਿੱਲੀ ਨੂੰ ਮੈਚ ਵਿੱਚ ਉਭਰਨ ਦਾ ਮੌਕਾ ਨਹੀਂ ਦਿੱਤਾ। ਭੁਵਨੇਸ਼ਵਰ ਕੁਮਾਰ ਨੇ ਵੀ ਬਾਖ਼ੂਬੀ ਸਾਥ ਦਿੰਦੇ ਹੋਏ 4 ਓਵਰਾਂ ਵਿੱਚ 25 ਦੌੜਾਂ ਦਿੰਦੇ ਹੋਏ 2 ਵਿਕਟਾਂ ਹਾਸਲ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਭੁਵਨੇਸ਼ਵਰ ਕੁਮਾਰ ਨੇ 2 ਦੌੜਾਂ 'ਤੇ ਹੀ ਆਊਟ ਕਰ ਦਿੱਤਾ। ਉਪਰੰਤ ਸ਼ਿਖਰ ਧਵਨ ਦਾ ਸਾਥ ਦੇਣ ਲਈ ਕਪਤਾਨ ਸ਼ੇ੍ਅਸ ਅਈਅਰ ਨੇ ਬੱਲਾ ਸੰਭਾਲਿਆ ਪਰ ਉਹ ਵੀ 17 ਦੌੜਾਂ ਹੀ ਬਣਾ ਸਕਿਆ।
ਇਸ ਪਿੱਛੋਂ ਆਏ ਬੱਲੇਬਾਜ਼ੀ ਰਿਸ਼ਬ ਪੰਤ ਨੇ ਧਵਨ ਦਾ ਵਧੀਆ ਸਾਥ ਦਿੱਤਾ ਅਤੇ 28 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਿਆ। ਪਰ ਰਾਸ਼ਿਦ ਖਾਨ ਨੇ ਸ਼ਿਖਰ ਧਵਨ ਨੂੰ 34 ਦੌੜਾਂ 'ਤੇ ਆਊਟ ਕਰ ਦਿੱਤਾ ਅਤੇ ਉਪਰੰਤ ਰਿਸ਼ਬ ਪੰਤ ਨੂੰ ਵੀ 17ਵੇਂ ਓਵਰ ਵਿੱਚ ਪੈਵੇਲੀਅਨ ਭੇਜ ਕੇ ਦਿੱਲੀ ਦੀਆਂ ਉਮੀਦਾਂ ਖ਼ਤਮ ਕੀਤੀਆਂ। ਅਖੀਰ ਵਿੱਚ ਸਿਮਰੋਨ ਹੈਟਮੇਅਰ ਨੇ 12 ਗੇਂਦਾਂ 'ਤੇ 21 ਦੌੜਾਂ ਬਣਾਈਆਂ ਪਰ ਉਹ ਟੀਮ ਲਈ ਨਾਕਾਫੀ ਸਾਬਤ ਹੋਈਆਂ। ਦਿੱਲੀ ਦੀ ਪਿਛਲੀ ਜਿੱਤ ਦਾ ਹੀਰੋ ਮਾਰਕਸ ਸਟੋਨਿਸ ਵੀ 11 ਦੌੜਾਂ ਹੀ ਬਣਾ ਸਕਿਆ ਅਤੇ ਟੀਮ 20 ਓਵਰਾਂ ਵਿੱਚ 147 ਦੌੜਾਂ 'ਤੇ ਹੀ ਸਿਮਟ ਗਈ।