ਪੋਰਟ ਆਫ ਸਪੇਨ: ਆਪਣੇ 500ਵੇਂ ਅੰਤਰਰਾਸ਼ਟਰੀ ਮੈਚ ਨੂੰ ਯਾਦਗਾਰ ਬਣਾਉਂਦੇ ਹੋਏ ਵਿਰਾਟ ਕੋਹਲੀ ਨੇ ਆਪਣਾ 29ਵਾਂ ਟੈਸਟ ਸੈਂਕੜਾ ਜੜਿਆ ਜਿਸ ਨਾਲ ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਪਾਰੀ ਵਿੱਚ 128 ਓਵਰਾਂ ਵਿੱਚ 438 ਦੌੜਾਂ ਬਣਾਈਆਂ। ਇਸ ਨਾਲ ਕੋਹਲੀ ਨੇ ਕ੍ਰਿਕਟ ਦੇ ਇਤਿਹਾਸ ਦੇ ਮਹਾਨ ਬੱਲੇਬਾਜ਼ ਮੰਨੇ ਜਾਂਦੇ ਸਰ ਡਾਨ ਬ੍ਰੈਡਮੈਨ ਦੇ 29 ਟੈਸਟ ਸੈਂਕੜਿਆਂ ਦੀ ਬਰਾਬਰੀ ਕਰ ਲਈ ਹੈ। ਪਿਛਲੇ ਟੈਸਟ ਵਿੱਚ ਸੈਂਕੜਾ ਲਗਾਉਣ ਤੋਂ ਖੁੰਝੇ ਕੋਹਲੀ ਨੇ 206 ਗੇਂਦਾਂ ਵਿੱਚ 121 ਦੌੜਾਂ ਬਣਾਈਆਂ। ਆਪਣੇ ਅੰਤਰਰਾਸ਼ਟਰੀ ਕਰੀਅਰ ਦੇ 76ਵੇਂ ਸੈਂਕੜੇ (ਟੈਸਟ, ਵਨਡੇ ਅਤੇ ਟੀ-20 ਸਮੇਤ) ਦੌਰਾਨ ਉਸ ਨੇ ਰਵਿੰਦਰ ਜਡੇਜਾ (61) ਨਾਲ ਪੰਜਵੀਂ ਵਿਕਟ ਲਈ 159 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਲਈ ਜ਼ਬਰਦਸਤ ਵਾਪਸੀ ਕੀਤੀ।
ਜਾਣਕਾਰੀ ਮੁਤਾਬਕ ਦਿਨ ਦੀ ਖੇਡ ਖਤਮ ਹੋਣ ਤੱਕ ਵੈਸਟਇੰਡੀਜ਼ ਨੇ ਆਪਣੀ ਪਹਿਲੀ ਪਾਰੀ 'ਚ ਇਕ ਵਿਕਟ 'ਤੇ 86 ਦੌੜਾਂ ਬਣਾ ਲਈਆਂ ਸਨ। ਕਪਤਾਨ ਕ੍ਰੇਗ ਬ੍ਰੈਥਵੇਟ ਨੇ 37 ਅਤੇ ਕਿਰਕ ਮੈਕੇਂਜੀ ਨੇ 14 ਦੌੜਾਂ ਬਣਾਈਆਂ। ਦੱਸ ਦਈਏ ਕਿ ਵੈਸਟਇੰਡੀਜ਼ ਵਲੋਂ ਤੇਜਨਾਰਾਇਣ ਚੰਦਰਪਾਲ ਦਾ ਪਹਿਲਾ ਵਿਕਟ ਡਿੱਗਿਆ। ਰਵਿੰਦਰ ਜਡੇਜਾ ਨੇ ਉਸ ਦੀ ਵਿਕਟ ਲਈ।
ਟੀਮ ਦਾ ਸਕੋਰ 438 ਦੌੜਾਂ: ਇਸ ਤੋਂ ਪਹਿਲਾਂ ਕੋਹਲੀ ਰਨ ਆਊਟ ਹੋ ਗਏ ਜਦਕਿ ਜਡੇਜਾ ਕੇਮਾਰ ਰੋਚ ਦੀ ਗੇਂਦ 'ਤੇ ਜੋਸ਼ੂਆ ਡਾ ਸਿਲਵਾ ਨੂੰ ਵਿਕਟ ਦੇ ਪਿੱਛੇ ਕੈਚ ਦੇ ਬੈਠੇ। ਲੰਚ ਤੋਂ ਬਾਅਦ ਰਵੀਚੰਦਰਨ ਅਸ਼ਵਿਨ (56) ਨੇ ਅਰਧ ਸੈਂਕੜਾ ਜੜਿਆ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਦਾ ਸਕੋਰ 438 ਦੌੜਾਂ ਤੱਕ ਪਹੁੰਚਾਇਆ। ਉਹ ਆਊਟ ਹੋਣ ਵਾਲਾ ਆਖਰੀ ਬੱਲੇਬਾਜ਼ ਸੀ। ਉਸ ਦੇ ਆਊਟ ਹੁੰਦੇ ਹੀ ਅੰਪਾਇਰਾਂ ਨੇ ਚਾਹ ਲਈ ਬ੍ਰੇਕ ਦਾ ਐਲਾਨ ਕਰ ਦਿੱਤਾ। ਉਸ ਨੇ ਈਸ਼ਾਨ ਕਿਸ਼ਨ (25) ਨਾਲ ਸੱਤਵੇਂ ਵਿਕਟ ਲਈ 33 ਅਤੇ ਜੈਦੇਵ ਉਨਾਦਕਟ (ਸੱਤ) ਨਾਲ ਅੱਠਵੀਂ ਵਿਕਟ ਲਈ 23 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 400 ਦੌੜਾਂ ਦੇ ਪਾਰ ਪਹੁੰਚਾਇਆ। ਉਸ ਨੇ 78 ਗੇਂਦਾਂ ਦੀ ਆਪਣੀ ਪਾਰੀ ਵਿੱਚ ਅੱਠ ਚੌਕੇ ਲਾਏ।
ਵੈਸਟਇੰਡੀਜ਼ ਲਈ ਰੋਚ ਨੇ 104 ਅਤੇ ਜੋਮੇਲ ਵਾਰਿਕਨ ਨੇ 89 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜੇਸਨ ਹੋਲਡਰ ਨੇ 57 ਦੌੜਾਂ ਦਿੱਤੀਆਂ ਜਦਕਿ ਸ਼ੈਨਨ ਗੈਬਰੀਅਲ ਨੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਦਿਨ ਦਾ ਪਹਿਲਾ ਸੈਸ਼ਨ ਪੂਰੀ ਤਰ੍ਹਾਂ ਕੋਹਲੀ ਦੇ ਨਾਂ ਰਿਹਾ। ਉਸ ਨੂੰ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਖ਼ਿਲਾਫ਼ ਦੌੜਾਂ ਬਣਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਉਸ ਨੇ ਆਪਣੀ ਪਾਰੀ ਦੌਰਾਨ 11 ਚੌਕੇ ਜੜੇ ਜਦਕਿ 77 ਦੌੜਾਂ ਬਣਾਈਆਂ। 87 ਦੌੜਾਂ ਨਾਲ ਦਿਨ ਦੀ ਸ਼ੁਰੂਆਤ ਕਰਨ ਵਾਲੇ ਕੋਹਲੀ ਨੇ ਰੋਚ ਦੀ ਗੇਂਦ 'ਤੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। 2018 (ਪਰਥ 'ਚ ਆਸਟ੍ਰੇਲੀਆ ਖਿਲਾਫ) ਤੋਂ ਬਾਅਦ ਵਿਦੇਸ਼ੀ ਧਰਤੀ 'ਤੇ ਕੋਹਲੀ ਦਾ ਇਹ ਪਹਿਲਾ ਸੈਂਕੜਾ ਹੈ।
ਸੈਂਕੜੇ ਲਗਾਉਣ ਦਾ ਰਿਕਾਰਡ: ਵੈਸਟਇੰਡੀਜ਼ ਖਿਲਾਫ ਕੋਹਲੀ ਦਾ ਇਹ 12ਵਾਂ ਸੈਂਕੜਾ ਹੈ ਅਤੇ ਉਹ ਇਸ ਟੀਮ ਖਿਲਾਫ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਜੈਕ ਕੈਲਿਸ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਹੈ। ਸਾਬਕਾ ਮਹਾਨ ਖਿਡਾਰੀ ਸੁਨੀਲ ਗਾਵਸਕਰ (13) ਨੇ ਵੈਸਟਇੰਡੀਜ਼ ਖਿਲਾਫ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਬਣਾਇਆ ਹੈ। ਕੁਈਨਜ਼ ਪਾਰਕ ਓਵਲ ਦੀ ਪਿੱਚ ਡੋਮਿਨਿਕਾ ਵਿੱਚ ਖੇਡੇ ਗਏ ਪਹਿਲੇ ਟੈਸਟ ਦੇ ਮੁਕਾਬਲੇ ਹੁਣ ਤੱਕ ਬੱਲੇਬਾਜ਼ਾਂ ਲਈ ਵਧੇਰੇ ਮਦਦਗਾਰ ਰਹੀ ਹੈ। ਕੁਝ ਗੇਂਦਾਂ ਰੁਕ ਰਹੀਆਂ ਸਨ ਅਤੇ ਵੈਸਟਇੰਡੀਜ਼ ਦੇ ਗੇਂਦਬਾਜ਼ ਕੋਹਲੀ ਦੇ ਖਿਲਾਫ ਆਫ ਸਟੰਪ ਦੇ ਆਲੇ-ਦੁਆਲੇ ਸਖਤ ਗੇਂਦਬਾਜ਼ੀ ਕਰ ਰਹੇ ਸਨ। ਕੋਹਲੀ ਨੇ ਮੈਚ 'ਚ ਕਾਫੀ ਸਮਝਦਾਰੀ ਦਿਖਾਉਂਦੇ ਹੋਏ ਹਮਲਾਵਰ ਸ਼ਾਟ ਖੇਡਣ ਦੀ ਬਜਾਏ ਇਕ ਅਤੇ ਦੋ ਦੌੜਾਂ ਬਣਾਉਣ 'ਤੇ ਜ਼ਿਆਦਾ ਧਿਆਨ ਦਿੱਤਾ। ਉਸ ਨੇ 45 ਵਾਰ ਇੱਕ ਦੌੜ ਅਤੇ 13 ਵਾਰ ਦੋ ਦੌੜਾਂ ਬਣਾਈਆਂ। ਉਸ ਨੇ ਆਫ ਸਾਈਡ 'ਤੇ 11 'ਚੋਂ 9 ਚੌਕੇ ਲਗਾਏ।
ਜਡੇਜਾ ਨੇ ਵੀ ਦੂਜੇ ਸਿਰੇ ਤੋਂ ਉਸ ਨੂੰ ਸ਼ਾਨਦਾਰ ਸਹਿਯੋਗ ਦਿੱਤਾ। ਉਸ ਨੇ ਕੋਹਲੀ ਦਾ ਸੈਂਕੜਾ ਪੂਰਾ ਹੋਣ ਦੇ ਤੁਰੰਤ ਬਾਅਦ ਹੀ ਟੈਸਟ ਕਰੀਅਰ ਦਾ 19ਵਾਂ ਅਰਧ ਸੈਂਕੜਾ ਪੂਰਾ ਕੀਤਾ। ਭਾਰਤ ਨੂੰ ਆਫ ਸਪਿਨਰ ਰਹਿਕੀਮ ਕੌਰਨਵਾਲ ਦੀ ਗੈਰ-ਮੌਜੂਦਗੀ ਦਾ ਫਾਇਦਾ ਹੋਇਆ। ਖੱਬੇ ਹੱਥ ਦੇ ਸਪਿਨਰ ਜੋਮੇਲ ਵਾਰਿਕਨ ਸਹੀ ਲਾਈਨ ਲੈਂਥ 'ਤੇ ਗੇਂਦਬਾਜ਼ੀ ਕਰਨ ਦੇ ਬਾਵਜੂਦ ਪਿੱਚ ਤੋਂ ਜ਼ਿਆਦਾ ਮਦਦ ਨਹੀਂ ਲੈ ਸਕੇ। ਇਸ ਤੋਂ ਪਹਿਲਾਂ ਮੈਚ ਦੇ ਪਹਿਲੇ ਦਿਨ ਕਪਤਾਨ ਰੋਹਿਤ ਸ਼ਰਮਾ (80) ਅਤੇ ਉਸ ਦੇ ਸਲਾਮੀ ਜੋੜੀਦਾਰ ਯਸ਼ਸਵੀ ਜੈਸਵਾਲ (57) ਨੇ ਪਹਿਲੀ ਵਿਕਟ ਲਈ 139 ਦੌੜਾਂ ਦੀ ਸਾਂਝੇਦਾਰੀ ਕਰਕੇ ਵੱਡੇ ਸਕੋਰ ਦੀ ਨੀਂਹ ਰੱਖੀ।