ਚੰਡੀਗੜ੍ਹ : ਟੀਮ ਇੰਡੀਆ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲ ਹੀ 'ਚ ਇਕ ਵੀਡੀਓ 'ਚ ਉਨ੍ਹਾਂ ਨੇ ਟੀਮ ਇੰਡੀਆ ਦੇ ਖਿਡਾਰੀਆਂ ਬਾਰੇ ਕਈ ਗੱਲਾਂ ਦਾ ਖੁਲਾਸਾ ਕੀਤਾ ਸੀ, ਜਿਸ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਸ਼ੁੱਕਰਵਾਰ ਨੂੰ ਪਤਾ ਲੱਗਾ ਕਿ ਚੇਤਨ ਸ਼ਰਮਾ ਨੇ ਆਪਣਾ ਅਸਤੀਫਾ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਭੇਜਿਆ ਸੀ, ਜੋ ਕਿ ਉਨ੍ਹਾਂ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।
ਵਿਰਾਟ ਤੇ ਬੁਮਰਾਹ ਉਤੇ ਕੀਤੀ ਸੀ ਟਿੱਪਣੀ : ਦੱਸ ਦੇਈਏ ਕਿ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਬੋਰਡ (BCCI) ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਇਸ ਵੀਡੀਓ 'ਚ ਉਹ ਖਿਡਾਰੀਆਂ ਦੀ ਚੋਣ, ਤਰੀਕਿਆਂ ਅਤੇ ਫਿਟਨੈੱਸ ਨੂੰ ਲੈ ਕੇ ਕਈ ਗੱਲਾਂ ਨੂੰ ਉਜਾਗਰ ਕਰ ਰਹੇ ਸਨ। ਚੇਤਨ ਸ਼ਰਮਾ ਨੂੰ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀਆਂ 'ਤੇ ਟਿੱਪਣੀ ਕਰਦਿਆਂ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ। ਚੇਤਨ ਸ਼ਰਮਾ 7 ਜਨਵਰੀ 2023 ਨੂੰ ਹੀ ਬੀਸੀਸੀਆਈ ਦੇ ਮੁੱਖ ਚੋਣਕਾਰ ਬਣੇ ਸਨ। ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਸੀ ਪਰ ਇਸ ਵਾਰ ਉਨ੍ਹਾਂ ਦਾ ਕਾਰਜਕਾਲ 40 ਦਿਨਾਂ 'ਚ ਖਤਮ ਹੋ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਚੇਤਨ ਸ਼ਰਮਾ ਦੋਵੇਂ ਕਾਰਜਕਾਲ ਵਿੱਚ ਆਪਣਾ ਅਹੁਦਾ ਗੁਆ ਚੁੱਕੇ ਹਨ, ਪਿਛਲੇ ਕਾਰਜਕਾਲ ਵਿੱਚ ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ ਵਿੱਚ ਆਪਣੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਪੂਰੀ ਕਮੇਟੀ ਨੂੰ ਹਟਾ ਦਿੱਤਾ ਸੀ।