ਅਹਿਮਦਾਬਾਦ: ਭਾਰਤੀ ਟੀਮ ਨੇ ਚੋਥੇ ਅਤੇ ਆਖ਼ਰੀ ਟੈਸਟ ਪਾਰੀ 25 ਦੌੜਾਂ ਨਾਲ ਜਿੱਤ ਕੇ ਵਿਸ਼ਵ ਟੈਸਟ ਚੈਂਪਿਅਨਸ਼ਿੱਪ ਦੇ ਫ਼ਾਇਨਲ ’ਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇੰਗਲੈਂਡ ਦੇ ਖ਼ਿਲਾਫ਼ ਮੋਟੇਰਾ ਦੇ ਨਰੇਂਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ਨੂੰ ਜਿੱਤ ਕੇ ਭਾਰਤ ਨੇ ਸੀਰੀਜ਼ 3-1 ਨਾਲ ਆਪਣੇ ਨਾਮ ਕਰ ਲਈ।
ਇੰਗਲੈਂਡ ਨੇ ਪਹਿਲੀ ਪਾਰੀ ਦੌਰਾਨ 205 ਦੌੜਾਂ ਬਣਾਈਆਂ ਸਨ, ਜਿਸਦੇ ਜਵਾਬ ’ਚ ਭਾਰਤ ਨੇ ਆਪਣੀ ਪਾਰੀ ਦੌਰਾਨ 365 ਦੌੜਾਂ ਬਣਾਈਆਂ। ਪਰ ਭਾਰਤ ਦੁਆਰਾ ਦਿੱਤੇ 160 ਦੌੜਾਂ ਦੀ ਲੀਡ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ 135 ਦੌੜਾਂ ’ਤੇ ਹੀ ਢੇਰ ਹੋ ਗਈ ਅਤੇ ਇਹ ਮੈਚ ਅਤੇ ਪਾਰੀ 25 ਦੌੜਾਂ ਦੇ ਅੰਤਰ ਨਾਲ ਹਾਰ ਗਈ।
ਇੰਗਲੈਂਡ ਪਹਿਲੀ ਪਾਰੀ- ਖੱਬੂ ਸਪਿੱਨਰ ਗੇਂਦਬਾਜ਼ ਅਕਸ਼ਰ ਪਟੇਲ (4/68) ਦੀ ਅਗਵਾਈ ’ਚ ਗੇਂਦਬਾਜ਼ਾਂ ਦੀ ਬੇਹਤਰੀਨ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਇੰਗਲੈਂਡ ਦੀ ਪਹਿਲੀ ਪਾਰੀ 205 ਦੌੜਾਂ ’ਤੇ ਹੀ ਸਮੇਟ ਦਿੱਤੀ ਸੀ। ਇੰਗਲੈਂਡ ਵੱਲੋਂ ਬੇਨ ਸਟੋਕਸ ਨੇ 121 ਗੇਂਦਾ ’ਤੇ ਛੇ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 55 ਦੌੜਾਂ ਬਣਾਈਆਂ। ਭਾਰਤ ਵੱਲੋਂ ਅਕਸ਼ਰ ਤੋਂ ਇਲਾਵਾ ਰਵਿਚੰਦਰਨ ਅਸ਼ਵਿਨ ਨੇ 47 ਦੌੜਾਂ ਦੇਕੇ ਤਿੰਨ ਵਿਕਟਾਂ ਹਾਸਲ ਕੀਤੀਆਂ, ਮੁਹੰਮਦ ਸਿਰਾਜ਼ ਨੇ 45 ਦੌੜਾਂ ਦੇਕੇ ਦੋ ਵਿਕਟਾਂ ਤੇ ਵਾਸ਼ਿੰਗਟਨ ਸੁੰਦਰ ਨੇ 14 ਦੌੜਾਂ ਦੇ ਕੇ ਇੱਸ ਵਿਕਟ ਹਾਸਲ ਕੀਤੀ। ਇਸ਼ਾਂਤ ਸ਼ਰਮਾ 23 ਦੌੜਾਂ ਦੇਕੇ ਖ਼ਾਲੀ ਹੱਥ ਰਹੇ।
ਭਾਰਤ ਪਹਿਲੀ ਪਾਰੀ - ਰਿਸ਼ਭ ਪੰਤ (101) ਤੋਂ ਬਾਅਦ ਵਾਸ਼ਿੰਗਟਨ ਸੁੰਦਰ (ਨਾਬਾਦ 96) ਅਤੇ ਅਕਸ਼ਰ ਪਟੇਲ (43) ਵਿਚਾਲੇ ਅੱਠਵੇਂ ਵਿਕਟ ਲਈ ਹੋਈ 106 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਟੈਸਟ ਮੈਚ ਦੇ ਤੀਜੇ ਦਿਨ ਆਪਣੀ ਪਹਿਲੀ ਪਾਰੀ ’ਚ 365 ਦੌੜਾਂ ਦਾ ਸਕੋਰ ਬਣਾਇਆ। ਭਾਰਤ ਨੇ ਇੰਗਲੈਂਡ ਨੂੰ ਉਸਦੀ ਪਹਿਲੀ ਪਾਰੀ ’ਚ 205 ਦੌੜਾਂ ’ਤੇ ਸਮੇਟ ਦਿੱਤਾ ਸੀ, ਇਸ ਤਰ੍ਹਾਂ ਮੇਜ਼ਬਾਨ ਟੀਮ ਨੇ ਪਹਿਲੀ ਪਾਰੀ ’ਚ 160 ਦੌੜਾਂ ਦੀ ਲੀਡ ਹਾਸਲ ਕੀਤੀ।
ਇੰਗਲੈਂਡ ਦੂਸਰੀ ਪਾਰੀ - ਇੰਗਲੈਂਡ ਨੇ ਡੇਨ ਲਾਰੈਂਸ ਦੇ ਅਰਧ-ਸੈਂਕੜੇ ਦੀ ਪਾਰੀ ਅਤੇ ਕਪਤਾਨ ਜੋਅ ਰੂਟ ਦੀਆਂ 30 ਦੌੜਾਂ ਦੀ ਬਦੌਲਤ ਦੂਸਰੀ ਪਾਰੀ ’ਚ ਸਿਰਫ਼ 135 ਦੌੜਾਂ ਹੀ ਬਣਾ ਸਕੀ। ਉਸਦੇ 6 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇ। ਭਾਰਤ ਵੱਲੋਂ ਅਕਸ਼ਰ ਪਟੇਲ ਅਤੇ ਰਵਿਚੰਦਰਨ ਅਸ਼ਵਿਨ ਨੇ 5-5 ਵਿਕਟ ਝਟਕਾਏ।