ਨਵੀਂ ਦਿੱਲੀ: ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ 'ਅੰਤਰਰਾਸ਼ਟਰੀ ਲੈਫ਼ਟ ਹੈਂਡਸ' ਦਿਵਸ ਦੇ ਮੌਕੇ 'ਤੇ ਕ੍ਰਿਕਟ ਦੇ ਮਹਾਨ ਖੱਬੇ ਹੱਥ ਦੇ ਖਿਡਾਰੀਆਂ ਨੂੰ ਸਲਾਮ ਕੀਤਾ।
ਯੁਵਰਾਜ ਨੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ, ਆਪਣੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਆਸਟ੍ਰੇਲੀਆ ਦੇ ਦੋਵੇਂ ਮਹਾਨ ਸਲਾਮੀ ਬੱਲੇਬਾਜ਼ ਮੈਥਿਊ ਹੈਡਨ ਅਤੇ ਐਡਮ ਗਿਲਕ੍ਰਿਸਟ ਦੀ ਤਸਵੀਰ ਪੋਸਟ ਕਰਕੇ 'ਅੰਤਰਰਾਸ਼ਟਰੀ ਲੈਫ਼ਟ ਹੈਂਡਸ ਡੇਅ' ਦੇ ਮੌਕੇ 'ਤੇ ਕ੍ਰਿਕਟ ਦੇ ਉੱਤਮ ਖਿਡਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ।
ਯੁਵਰਾਜ ਨੇ ਟਵਿੱਟਰ 'ਤੇ ਲਿਖਿਆ ਕਿ ਇੱਥੇ ਕੁਝ ਖੱਬੇ ਹੱਥ ਦੇ ਦਿੱਗਜ਼ ਹਨ, ਜੋ ਸਾਨੂੰ ਇਸ ਖੇਡ ਨੇ ਦਿੱਤੇ ਹਨ। ਤੁਸੀਂ ਵੀ ਇਸ ਸੁਨਹਿਰੀ ਸੂਚੀ ਵਿੱਚ ਨਾਮ ਸ਼ਾਮਿਲ ਕਰੋ ਅਤੇ ਆਪਣੇ ਮਨਪਸੰਦ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਮੇਰੇ ਨਾਲ ਸਾਂਝਾ ਕਰੋ। ਯੁਵਰਾਜ ਖੁਦ ਆਪਣੇ ਪੂਰੇ ਕਰੀਅਰ ਦੌਰਾਨ ਖੱਬੇ ਹੱਥ ਦੇ ਬੱਲੇਬਾਜ਼ ਰਹੇ ਹਨ ਅਤੇ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਭਾਰਤ ਲਈ ਕਈ ਮੈਚ ਜਿੱਤੇ ਹਨ।
ਯੁਵਰਾਜ ਨੇ ਸਾਲ 2000 ਵਿੱਚ ਕੀਨੀਆ ਵਿਰੁੱਧ ਇੱਕ ਰੋਜ਼ਾ ਮੈਚਾਂ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣਾ ਆਖ਼ਰੀ ਮੈਚ ਵੈਸਟਇੰਡੀਜ਼ ਵਿਰੁੱਧ ਜੂਨ 2017 ਵਿੱਚ ਖੇਡਿਆ ਸੀ। ਉਸ ਨੇ ਜੂਨ 2019 ਵਿੱਚ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈ ਲਿਆ। 38 ਸਾਲਾ ਯੁਵਰਾਜ 2007 ਟੀ-20 ਵਰਲਡ ਕੱਪ ਅਤੇ 2011 ਵਰਲਡ ਕੱਪ ਵਿੱਚ ਭਾਰਤ ਦੀ ਖਿਤਾਬੀ ਜਿੱਤ ਦਾ ਹੀਰੋ ਰਿਹਾ ਹੈ।
ਅੱਜ ਪੂਰੀ ਦੁਨੀਆ ਇੰਟਰਨੈਸ਼ਨਲ ਲੈਫ਼ਟ ਹੈਂਡਸ ਡੇਅ ਮਨਾ ਰਹੀ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਜ਼ੋਰ ਸ਼ੋਰ ਨਾਲ ਸੋਸ਼ਲ ਮੀਡੀਆ `ਤੇ ਪੋਸਟ ਕੀਤਾ। ਕਈ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ਦਿਨ ਆਪਣੇ ਮਨਪਸੰਦ ਕ੍ਰਿਕਟ ਸਿਤਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸੌਰਵ ਗਾਂਗੁਲੀ ਤੋਂ ਯੁਵਰਾਜ ਸਿੰਘ ਤੱਕ ਸਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।