ਮੁੰਬਈ: ਇੰਗਲੈਂਡ ਵਿੱਚ ਹੋਏ ਇੱਕ ਦਿਨਾਂ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਦਾ ਨਾਂਅ ਬੀਸੀਸੀਆਈ ਨੇ ਖੇਡ ਰਤਨ ਪੁਰਸਕਾਰ ਦੇ ਲਈ ਭੇਜਿਆ ਹੈ। ਭਾਰਤੀ ਕ੍ਰਿਕਟ ਬੋਰਡ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਹਿਤ ਦੇ ਜੋੜੀਦਾਰ ਸ਼ਿਖ਼ਰ ਧਵਨ ਦਾ ਨਾਂਅ ਇੱਕ ਵਾਰ ਫ਼ਿਰ ਅਰਜੁਨ ਪੁਰਸਕਾਰ ਦੇ ਲਈ ਭੇਜਿਆ ਗਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਧਵਨ 2018 ਵਿੱਚ ਅਰਜੁਨ ਪੁਰਸਕਾਰ ਤੋਂ ਰਹਿ ਗਏ ਸਨ।
ਅਰਜੁਨ ਪੁਰਸਕਾਰ ਦੇ ਲਈ ਧਵਨ, ਈਸ਼ਾਂਤ ਅਤੇ ਦੀਪਤੀ ਦੇ ਨਾਂਅ
ਭਾਰਤੀ ਟੀਮ ਦੇ ਸਭ ਤੋਂ ਸੀਨਿਅਰ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਦੇ ਨਾਂਅ ਦੀ ਵੀ ਸਿਫ਼ਾਰਸ਼ ਅਰਜੁਨ ਪੁਰਸਕਾਰ ਦੇ ਲਈ ਕੀਤੀ ਗਈ ਹੈ। ਮਹਿਲਾ ਵਰਗ ਵਿੱਚ ਹਰਫ਼ਨਮੌਲਾ ਦੀਪਤੀ ਸ਼ਰਮਾ ਦਾ ਨਾਂਅ ਅਰਜੁਨ ਪੁਰਸਕਾਰ ਦੇ ਲਈ ਭੇਜਿਆ ਗਿਆ ਹੈ ਜੋ ਪਿਛਲੇ 3 ਸਾਲ ਤੋਂ ਇੱਕ ਰੋਜ਼ਾ ਅਤੇ ਟੀ-20 ਦੋਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਸਰਕਾਰ ਦੇ ਖੇਡ ਮੰਤਰਾਲੇ ਨੇ 1 ਜਨਵਰੀ, 2019 ਤੋਂ ਲੈ ਕੇ 31 ਦਸੰਬਰ, 2019 ਤੱਕ ਦੇ ਕਾਰਜ਼ਕਾਲ ਦੇ ਲਈ ਅਰਜੀਆਂ ਮੰਗੀਆਂ ਸਨ।
ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਬਿਆਨ
ਬਿਆਨ ਵਿੱਚ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਅਸੀਂ ਇੰਨ੍ਹਾਂ ਨਾਂਆਂ ਨੂੰ ਚੁਨਣ ਤੋਂ ਪਹਿਲਾਂ ਸਾਰਾ ਡਾਟਾ ਦੇਖਿਆ ਅਤੇ ਕਈ ਪੈਮਾਨਿਆਂ ਨੂੰ ਲੈ ਕੇ ਚਰਚਾ ਕੀਤੀ। ਰੋਹਿਤ ਨੇ ਇੱਕ ਬੱਲੇਬਾਜ਼ ਦੇ ਤੌਰ ਉੱਤੇ ਕਈ ਸਾਰੇ ਬੈਂਚਮਾਰਕ ਤੈਅ ਕੀਤੇ ਹਨ ਅਤੇ ਉਹ ਸਭ ਹਾਸਲ ਕੀਤਾ ਹੈ ਜੋ ਕਈ ਸਾਰੇ ਖਿਡਾਰੀ ਨਹੀਂ ਕਰ ਸਕੇ। ਸਾਨੂੰ ਲੱਗਦਾ ਹੈ ਕਿ ਉਹ ਖੇਡ ਰਤਨ ਪਾਉਣ ਦੇ ਹੱਕਦਾਰ ਹਨ।
ਉਨ੍ਹਾਂ ਨੇ ਕਿਹਾ ਕਿ ਈਸ਼ਾਂਤ ਟੈਸਟ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਹਨ ਅਤੇ ਭਾਰਤ ਨੂੰ ਨੰਬਰ-1 ਟੀਮ ਬਣਾਉਣ ਵਿੱਚ ਉਨ੍ਹਾਂ ਦਾ ਕਾਫ਼ੀ ਯੋਗਦਾਨ ਰਿਹਾ ਹੈ। ਸ਼ਿਖ਼ਰ ਵੀ ਲਗਾਤਾਰ ਵਧੀਆ ਕਰ ਰਹੇ ਹਨ ਅਤੇ ਆਈਸੀਸੀ ਟੂਰਨਾਮੈਂਟਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਅਹਿਮ ਰਿਹਾ ਹੈ। ਉੱਥੇ ਹੀ ਦੀਪਤੀ ਹਰਫ਼ਨਮੌਲਾ ਖਿਡਾਰੀ ਹੈ ਅਤੇ ਟੀਮ ਦੀ ਸਫ਼ਲਤਾ ਵਿੱਚ ਉਸ ਦਾ ਯੋਗਦਾਨ ਵੀ ਕਾਫ਼ੀ ਲਾਹੇਵੰਦ ਰਿਹਾ ਹੈ।