ਹੈਦਰਾਬਾਦ : ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਪੱਛਮੀ ਬੰਗਾਲ ਦੀ ਇੱਕ ਕੋਰਟ ਨੇ ਸ਼ਮੀ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਹਨ। ਅਲੀਪੁਰ ਕੋਰਟ ਨੇ ਮੁਹੰਮਦ ਸ਼ਮੀ ਨੂੰ ਸਮਰਪਣ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ।
ਦੱਸ ਦਈਏ ਕਿ 2018 ਵਿੱਚ ਮੁਹੰਮਦ ਸ਼ਮੀ ਉੱਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਮਾਰ-ਕੁੱਟ, ਰੇਪ ਅਤੇ ਹੱਤਿਆ ਦੀ ਕੋਸ਼ਿਸ਼ ਅਤੇ ਘਰੇਲੂ ਹਿੰਸਾ ਵਰਗੇ ਗੰਭੀਰ ਦੋਸ਼ ਲਾਉਂਦਿਆ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਸ਼ਮੀ ਦੇ ਤਲਾਕ ਦਾ ਕੇਸ ਵੀ ਕੋਰਟ ਵਿੱਚ ਚੱਲ ਰਿਹਾ ਹੈ।
ਸ਼ਮੀ ਵਿਰੁੱਧ ਕੋਲਕਾਤਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਕੋਰਟ ਨੇ ਸ਼ਮੀ ਨੂੰ 15 ਦਿਨਾਂ ਦੇ ਅੰਦਰ-ਅੰਦਰ ਸਮਰਪਣ ਕਰਨ ਲਈ ਕਿਹਾ ਹੈ। ਜੇ ਸ਼ਮੀ 15 ਦਿਨਾਂ ਦੇ ਅੰਦਰ ਸਮਰਪਣ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਫ਼ਿਲਹਾਲ ਮੁਹੰਮਦ ਸ਼ਮੀ ਭਾਰਤੀ ਟੀਮ ਨਾਲ ਵੈਸਟ ਇੰਡੀਜ਼ ਵਿੱਚ ਟੈਸਟ ਮੈਚ ਖੇਡ ਰਹੇ ਹਨ।
ਜਾਣਕਾਰੀ ਮੁਤਾਬਕ ਪਿਛਲੇ ਸਾਲ ਕੋਲਕਾਤਾ ਪੁਲਿਸ ਨੇ ਹਸੀਨ ਜਹਾਂ ਦੀ ਸ਼ਿਕਾਇਤ ਤੋਂ ਬਾਅਦ ਸ਼ਮੀ ਉੱਤੇ ਆਈਪੀਸੀ ਧਾਰਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਹਸੀਨ ਜਹਾਂ ਨੇ ਸ਼ਮੀ ਅਤੇ ਉਸ ਦੇ ਭਰਾ ਵਿਰੁੱਧ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਵਿਰੁੱਧ ਧਾਰਾ 498 ਏ ਅਤੇ ਧਾਰਾ 354 ਤਹਿਤ ਦਹੇਜ ਲਈ ਤੰਗ ਕਰਨ ਅਤੇ ਸ਼ਰੀਰਕ ਸ਼ੋਸ਼ਣ ਦਾ ਮਾਮਲਾ ਦਰਜ ਹੈ।
ਹਸੀਨ ਜਹਾਂ ਨੇ ਕ੍ਰਿਕਟਰ ਮੁਹੰਮਦ ਸ਼ਮੀ ਉੱਤੇ ਸ਼ਰੀਰਕ ਸ਼ੋਸ਼ਣ ਕਰਕੇ ਉਸ ਨੂੰ ਧੋਖਾ ਦੇਣ ਦੇ ਦੋਸ਼ ਵੀ ਲਾਏ ਸਨ। ਉਸ ਤੋਂ ਬਾਅਦ ਹਸੀਨ ਨੇ ਸ਼ਮੀ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਹਸੀਨ ਜਹਾਂ ਨੇ ਇੰਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਬੀਸੀਸੀਆਈ ਨੇ ਸਮੀ ਦਾ ਸਲਾਨਾ ਇਕਰਾਰਨਾਮਾ ਰੱਦ ਕਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਬੋਰਡ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਬੀ-ਗ੍ਰੇਡ ਵਿੱਚ ਰੱਖਿਆ ਸੀ।