ਚੰਡੀਗੜ੍ਹ: ਪੰਜਾਬੀ ਫ਼ਿਲਮ 'ਮੁੰਡਾ ਫ਼ਰੀਦਕੋਟੀਆ' 14 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ। ਮਨਦੀਪ ਸਿੰਘ ਚਾਹਲ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਰੌਸ਼ਨ ਪ੍ਰਿੰਸ, ਸ਼ਰਨ ਕੌਰ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਮੁਕੁਲ ਦੇਵ, ਰੁਪਿੰਦਰ ਰੂਪੀ ਸਣੇ ਕਈ ਦਿੱਗਜ ਕਲਾਕਾਰ ਅਹਿਮ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ।
ਕਹਾਣੀ: ਇਸ ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਮੁੱਖ ਕਿਰਦਾਰ ਅਦਾ ਕਰ ਰਹੇ ਰੌਸ਼ਨ ਪ੍ਰਿੰਸ ਦੀ ਮਾਂ ਰੁਪਿੰਦਰ ਰੂਪੀ ਤੋਂ ਉਹ ਆਪਣੇ ਮੁੰਡੇ ਦੇ ਦੋਸਤ ਮੱਦੀ ਤੋਂ ਦੁੱਖੀ ਹੁੰਦੀ ਹੈ ਤੇ ਉਹ ਚਾਹੁੰਦੀ ਹੈ ਕਿ ਰੌਸ਼ਨ ਪ੍ਰਿੰਸ ਦਾ ਵਿਆਹ ਕਿਸੇ ਚੰਗੇ ਘਰ ਹੋ ਜਾਵੇ। ਰੌਸ਼ਨ ਪ੍ਰਿੰਸ ਇਹ ਦੁਆ ਕਰਦਾ ਹੈ ਕਿ ਉਸ ਦਾ ਵਿਆਹ ਫ਼ਰੀਦਕੋਟ ਦੇ ਵਿੱਚ ਹੀ ਹੋ ਜਾਵੇ। ਕਹਾਣੀ 'ਚ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਰੌਸ਼ਨ ਪ੍ਰਿੰਸ ਨੂੰ ਪਾਕਿਸਤਾਨ ਦੇ ਫ਼ਰੀਦਕੋਟ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ।
ਅਦਾਕਾਰੀ: ਦਰਸ਼ਕਾਂ ਨੂੰ ਸਾਰੇ ਹੀ ਕਲਾਕਾਰਾਂ ਦੀ ਅਦਾਕਾਰੀ ਬਾ-ਕਮਾਲ ਲੱਗੀ ਹੈ ਪਰ ਕਰਮਜੀਤ ਅਨਮੋਲ ਦੀ ਅਦਾਕਾਰੀ ਨੇ ਫ਼ਿਲਮ ਦੇ ਵਿੱਚ ਜਾਨ ਪਾਈ ਹੈ। ਉਨ੍ਹਾਂ ਦੇ ਡਾਇਲਾਗ ਬੋਲਣ ਦੇ ਅੰਦਾਜ਼ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਫ਼ਿਲਮ ਦੇ ਪਾਕਿਸਤਾਨ ਵਾਲੇ ਭਾਗ ਨੂੰ ਬਜ਼ੁਰਗਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।