ਚੰਡੀਗੜ੍ਹ: ਕਰਮਜੀਤ ਕੌਰ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ ਦੌਰਾਨ ਅਹਿਮ ਸਵਾਲ
ਪੰਜਾਬੀ ਇੰਡਸਟਰੀ 'ਚ ਕੁੜੀਆਂ ਦੇ ਕਿਰਦਾਰ 'ਚ ਕੁਝ ਖ਼ਾਸ ਕਰਨ ਨੂੰ ਨਹੀਂ ਹੁੰਦਾ- ਕਰਮ ਕੌਰ
ਪੰਜਾਬੀ ਇੰਡਸਟਰੀ 'ਚ ਉੱਭਰ ਕੇ ਸਾਹਮਣੇ ਆ ਰਹੀ ਅਦਾਕਾਰਾ ਕਰਮ ਕੌਰ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਈਟੀਵੀ ਭਾਰਤ ਨਾਲ ਹੋਈ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਹੈ।
1. ਸ਼ੁਰੂਆਤ ਕਿਵੇਂ ਹੋਈ ਤੁਹਾਡੇ ਕਰੀਅਰ ਦੀ ?
ਕਰਮ ਕੌਰ : ਮੇਰੇ ਕਰੀਅਰ ਦੀ ਸ਼ੁਰੂਆਤ ਕਾਲਜ ਦੇ ਦਿਨਾਂ ਤੋਂ ਹੋਈ, ਮੈਂ ਮਿਸ ਵਰਲਡ ਪੰਜਾਬਣ 2008 'ਚ ਫ਼ਰਸਟ ਰਨਰ ਅੱਪ ਮਿਸ ਚੰਡੀਗੜ੍ਹ ਦਾ ਖ਼ਿਤਾਬ ਜਿੱਤਿਆ। ਪੜ੍ਹਾਈ ਮੁੰਕਮਲ ਕਰਨ ਤੋਂ ਬਾਅਦ ਮੈਂ ਪ੍ਰਿੰਟ ਸ਼ੌਟਸ ਅਤੇ ਸ਼ਾਟ ਫ਼ਿਲਮਾਂ ਕੀਤੀਆਂ। ਮੇਰੀ ਪਹਿਲੀ ਸ਼ਾਟ ਫ਼ਿਲਮ ਮਲਕੀਤ ਰੌਣੀ ਜੀ ਨਾਲ ਬਾਪ-ਧੀ ਦੀ ਸੀ। ਇਸ ਤਰ੍ਹਾਂ ਹੀ ਜੋ ਕੰਮ ਆਉਂਦਾ ਰਿਹਾ ਮੈਂ ਸੋਚ ਸਮਝ ਕੇ ਵਿਚਾਰ ਕਰ ਕੇ ਉਸ ਨੂੰ ਕਰਦੀ ਰਹੀ ਫ਼ਿਲਹਾਲ ਮੈਂ ਆਦਿਤਿਆ ਸੂਦ ਵੱਲੋਂ ਨਿਰਦੇਸ਼ਿਤ ਫ਼ਿਲਮ 'ਤੇਰੀ ਮੇਰੀ ਜੋੜੀ' 'ਚ ਅਹਿਮ ਕਿਰਦਾਰ ਅਦਾ ਕਰ ਰਹੀ ਹਾਂ।
2. ਤੇਰੀ ਮੇਰੀ ਜੋੜੀ ਫ਼ਿਲਮ 'ਚ ਤੁਸੀਂ ਕਿਉਂ ਕੰਮ ਕਰਨਾ ਪਸੰਦ ਕੀਤਾ?
ਕਰਮ ਕੌਰ : ਮੈਂ ਇਹ ਮੰਨਦੀ ਹਾਂ ਸਾਡੀ ਪੰਜਾਬੀ ਇੰਡਸਟਰੀ 'ਚ ਕੁੜੀਆਂ ਦੇ ਕਿਰਦਾਰ 'ਚ ਕੁਝ ਖ਼ਾਸ ਕਰਨ ਨੂੰ ਨਹੀਂ ਹੁੰਦਾ, ਬਸ ਉਹ ਹੀ ਗਿਣੇ ਚੁਣੇ ਸੀਨਜ਼ ਹੀਰੋ ਦੇ ਨਾਲ ਘੁੰਮਣਾ, ਡਾਂਸ ਕਰਨਾ ਜਾਂ ਘਰ ਦੇ ਕੰਮ ਕਰਨੇ। ਪਰ ਜਦੋਂ ਮੈਂ 'ਤੇਰੀ ਮੇਰੀ ਜੋੜੀ ਫ਼ਿਲਮ' 'ਚ ਰਾਣੋ ਦਾ ਕਿਰਦਾਰ ਸੁਣਿਆ। ਇਹ ਬਾਕੀਆਂ ਨਾਲੋਂ ਅੱਡ ਅਤੇ ਦਮਦਾਰ ਰੋਲ ਸੀ। ਇਸ ਲਈ ਮੈਂ ਇਹ ਰੋਲ ਚੁਣਿਆ।
3. ਜਿਸ ਦਿਨ ਪਹਿਲਾ ਦਿਨ ਸੀ ਫ਼ਿਲਮ ਸੈੱਟ 'ਤੇ ਮਨ ਦੇ ਕੀ ਹਾਵ-ਭਾਵ ਸੀ ਡਰੇ ਹੋਏ ਸੀ ਜਾਂ ਖੁਸ਼ ਸੀ ?
ਕਰਮ ਕੌਰ: ਮੈਂ ਬਹੁਤ ਜ਼ਿਆਦਾ ਐਕਸਾਈਟਿਡ ਸੀ,ਕਿਉਂਕਿ ਮੈਂ ਪਹਿਲੀ ਵਾਰ ਆਪਣੇ ਦਰਸ਼ਕਾਂ ਲਈ ਕੁਝ ਵੱਖਰਾ ਕਰਨ ਜਾ ਰਹੀ ਸੀ।
4. ਹੁਣ ਤੱਕ ਸਭ ਤੋਂ ਵਧੀਆ ਤਰੀਫ਼ ਕਿਹੜੀ ਮਿਲੀ?
ਕਰਮ ਕੌਰ :ਸਭ ਤੋਂ ਵਧੀਆ ਤਰੀਫ਼ ਮੈਨੂੰ ਉਸ ਵੇਲੇ ਮਿਲੀ ਜਦੋਂ ਸੈੱਟ 'ਤੇ ਨਿਰਦੇਸ਼ਕ ਆਦਿਤਿਆ ਸੂਦ ਨੇ ਕਿਹਾ ਸੀ,"ਮੈਨੂੰ ਮਾਨ ਹੈ ਤੇਰੇ 'ਤੇ ਕਰਮ, ਰਾਣੋ ਦੇ ਕਿਰਦਾਰ ਨੂੰ ਬਹੁਤ ਵਧੀਆ ਨਿਭਾਇਆ।"
5. ਆਉਂਣ ਵਾਲੇ 5 ਸਾਲਾਂ 'ਚ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ ?
ਕਰਮ ਕੌਰ : ਆਉਣ ਵਾਲੇ 5 ਸਾਲਾਂ 'ਚ ਮੈਂ ਆਪਣੇ ਆਪ ਨੂੰ ਇੱਕ "ਸਫਲ ਕਲਾਕਾਰ" ਦੇ ਰੂਪ 'ਚ ਵੇਖਦੀ ਹਾਂ, ਬਾਕੀ ਜਿੱਥੇ ਪਰਮਾਤਮਾ ਰੱਖੇ,ਉਥੇ ਖ਼ੁਸ਼ ਰਵਾਂਗੀ।