ਬਚਪਨ ਤੋਂ ਹੀ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਤੁਰਦੇ ਆਏ ਹਨ ਸੰਨੀ ਦਿਓਲ
ਸੰਨੀ ਦਿਓਲ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ ਹਨ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੰਨੀ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਤੁਰਦੇ ਹਨ।
ਚੰਡੀਗੜ੍ਹ: ਸੰਨੀ ਦਿਓਲ ਬਾਲੀਵੁੱਡ ਦਾ ਉਹ ਕਲਾਕਾਰ ਹੈ ਜਿਸ ਦਾ ਕੋਈ ਸਾਨੀ ਨਹੀਂ ਹੈ। ਬਹੁਤ ਘੱਟ ਲੋਕ ਇਹ ਗੱਲ ਜਾਣਦੇ ਨੇ ਕਿ ਸਕੂਲ ਵੇਲੇ ਸੰਨੀ ਖੇਡਾਂ 'ਚ ਬਹੁਤ ਵਧੀਆ ਸੀ। ਉਹ ਖੇਡਾਂ 'ਚ ਅੱਗੇ ਜਾਣਾ ਚਾਹੁੰਦੇ ਸੀ ਪਰ ਪਰਿਵਾਰ ਤੋਂ ਮਨਜ਼ੂਰੀ ਨਾ ਮਿਲੀ। ਆਪਣੇ ਪਿਤਾ ਤੋਂ ਪ੍ਰਭਾਵਿਤ ਸੰਨੀ ਨੇ ਫੇਰ ਅਦਾਕਾਰੀ ਦਾ ਰੁੱਖ ਕੀਤਾ। ਧਰਮਿੰਦਰ ਨੇ ਫ਼ੇਰ ਉਨ੍ਹਾਂ ਨੂੰ ਲੰਡਨ ਦੇ ਬਰਮਿੰਘਮ ਐਕਟਿੰਗ ਸਕੂਲ 'ਚ ਅਦਾਕਾਰੀ ਦੀ ਤਾਲੀਮ ਹਾਸਿਲ ਕਰਨ ਲਈ ਭੇਜ ਦਿੱਤਾ।
ਇਹ ਟ੍ਰੇਨਿੰਗ ਜਦੋਂ ਪੂਰੀ ਹੋਈ ਤਾਂ ਧਰਮਿੰਦਰ ਨੇ ਸੰਨੀ ਨੂੰ ਵਾਪਿਸ ਬੁਲਾ ਲਿਆ ਅਤੇ 1983 'ਚ ਸੰਨੀ ਦਾ ਡੈਬਯੂ ਬਾਲੀਵੁੱਡ 'ਚ ਹੋਇਆ । ਫ਼ਿਲਮ 'ਬੇਤਾਬ' ਰਾਹੀ ਉਨ੍ਹਾਂ ਆਪਣੀ ਸਿਨੇਮਾ ਜਗਤ 'ਚ ਵੱਖਰੀ ਪਛਾਣ ਬਣਾਈ।
ਸੰਨੀ ਸਿਰਫ਼ ਅਦਾਕਾਰੀ 'ਚ ਨਹੀਂ ਬਲਕਿ ਨਿਰਦੇਸ਼ਨ 'ਚ ਵੀ ਆਪਣਾ ਹੱਥ ਅਜ਼ਮਾ ਚੁੱਕੇ ਹਨ। ਜੀ ਹਾਂ, ਆਪਣੇ ਭਰਾ ਬੌਬੀ ਦਿਓਲ ਅਤੇ ਉਰਮਿਲਾ ਦੇ ਨਾਲ ਉਨ੍ਹਾਂ 'ਦਿਲੱਗੀ' ਫ਼ਿਲਮ ਦਾ ਨਿਰਦੇਸ਼ਨ ਕੀਤਾ ਹੋਇਆ ਹੈ।
ਸੰਨੀ ਅਤੇ ਧਰਮਿੰਦਰ ਦੇ ਫ਼ਿਲਮੀ ਸਫ਼ਰ ਵੱਲ ਵੇਖੀਏ ਤਾਂ ਦੋਹਾਂ ਪਿਓ-ਪੁੱਤ ਦੀਆਂ ਫ਼ਿਲਮਾ ਸੁਪਰਹਿੱਟ ਰਹੀਆਂ ਹਨ। ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਉਨ੍ਹਾਂ 'ਚ ਜ਼ਿਆਦਾਤਰ ਡਾਇਲੋਗ ਸਦਾਬਹਾਰ ਮਸ਼ਹੂਰ ਰਹੇ ਹਨ। ਫ਼ੇਰ ਉਹ ਫ਼ਿਲਮ 'ਸ਼ੋਲੇ' ਦੇ ਡਾਇਲੋਗ ਹੋਣ ਜਾਂ ਫ਼ੇਰ 'ਘਾਇਲ' ਦੇ, ਹਰ ਇੱਕ ਦੀ ਜ਼ੁਬਾਨ 'ਤੇ ਉਹ ਰਹਿੰਦੇ ਹਨ। ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸੰਨੀ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਹੀ ਤੁਰਦੇ ਹਨ।
ਇਸ ਦੇ ਸਦਕਾ ਹੀ ਸੰਨੀ ਵੀ ਬੀਜੇਪੀ ਸ਼ਾਮਲ ਹੋਏ ਹਨ। ਦੇਖਣਾ ਹੁਣ ਇਹ ਹੋਵੇਗਾ ਕਿ ਸੰਨੀ ਪਾਪਾ ਧਰਮਿੰਦਰ ਵਾਂਗ ਲੋਕਸਭਾ ਚੋਣਾਂ ਜਿੱਤ ਪਾਉਂਦੇ ਹਨ ਕਿ ਨਹੀਂ ?
ਉਨ੍ਹਾਂ ਦੇ ਕੁਝ ਦਿਨ੍ਹਾਂ ਦੇ ਰਾਜਨੀਤੀਕ ਸਫ਼ਰ ਤੋਂ ਇਹ ਹੀ ਪ੍ਰਤੀਤ ਹੋ ਰਿਹਾ ਹੈ ਕਿ ਲੋਕ ਉਨ੍ਹਾਂ ਨੂੰ ਰਾਜਨੀਤੀ 'ਚ ਕਬੂਲ ਕਰ ਸਕਦੇ ਹਨ। ਇਸ ਦੀ ਮਿਸਾਲ ਉਨ੍ਹਾਂ ਵੱਲੋਂ ਗੁਰਦਾਸਪੁਰ ਦੀ ਰੈਲੀ ਦਾ ਇਕੱਠ ਅਤੇ ਅਜਮੇਰ ਦਾ ਰੋਡ ਸ਼ੋਅ ਹੈ ਜਿੱਥੇ ਜਨ ਸੈਲਾਬ ਉਮੜਿਆ ਸੀ।