ਹੈਦਰਾਬਾਦ: ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਪਿਤਾ ਦਿਵਸ ਦੇ ਮੌਕੇ ਉਨ੍ਹਾਂ ਨੇ 'ਮਰਡਰ' ਨਾਂਅ ਦੀ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਇਹ ਫਿਲਮ ਆਨਰ ਕਿਲਿੰਗ ਦੀ ਸੱਚੀ ਘਟਨਾ 'ਤੇ ਅਧਾਰਤ ਹੈ। ਇਹ ਘਟਨਾ ਸਾਲ 2018 ਵਿੱਚ ਤੇਲੰਗਾਨਾ ਦੇ ਮਰਿਯਾਲਗੁਡਾ ਵਿਖੇ ਵਾਪਰੀ ਸੀ। ਹੁਣ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਰਾਮ ਗੋਪਾਲ ਵਰਮਾ ਕਾਨੂੰਨੀ ਵਿਵਾਦ ਵਿੱਚ ਫਸ ਗਏ ਹਨ। ਨਾਲਗੌਂਡਾ ਦੀ ਸਪੈਸ਼ਲ ਐਸਸੀ/ਐਸਟੀ ਅਦਾਲਤ ਨੇ ਨਿਰਦੇਸ਼ਕ ਦੇ ਖ਼ਿਲਾਫ਼ ਮਾਮਲੇ ਦਾ ਹੁਕਮ ਦਿੱਤਾ ਹੈ।
ਦੱਸ ਦਈਏ ਕਿ 2 ਸਾਲ ਪਹਿਲਾਂ ਪ੍ਰਣਯ ਕੁਮਾਰ ਨਾਂਅ ਦੇ ਵਿਅਕਤੀ ਨੇ ਇੱਕ ਉੱਚ ਜਾਤੀ ਦੀ ਲੜਕੀ ਅਮ੍ਰਿਤਾ ਨਾਲ ਵਿਆਹ ਕਰਵਾ ਲਿਆ ਸੀ। ਪਰ ਪ੍ਰਣਯ ਨੂੰ ਲੜਕੀ ਦੇ ਪਿਤਾ ਮਾਰੂਤੀ ਰਾਓ ਅਤੇ ਅੰਕਲ ਸ਼ਰਵਣ ਕੁਮਾਰ ਨੇ ਮਾਰ ਦਿੱਤਾ ਸੀ। ਪ੍ਰਣਯ ਦੇ ਪਿਤਾ ਬਾਲਾਸਵਾਮੀ ਨੇ ਰਾਮ ਗੋਪਾਲ ਵਰਮਾ ਦੀ ਫਿਲਮ 'ਮਰਡਰ' ਦਾ ਵਿਰੋਧ ਕੀਤਾ ਹੈ। ਮ੍ਰਿਤਕ ਦੇ ਪਰਿਵਾਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਰਾਮ ਗੋਪਾਲ ਦੀ ਫਿਲਮ ‘ਮਰਡਰ’ ਪ੍ਰਣਯ ਦੇ ਕਤਲ ਮਾਮਲੇ ਨੂੰ ਪ੍ਰਭਾਵਿਤ ਕਰੇਗੀ, ਕਿਉਂਕਿ ਪੁਲਿਸ ਇਸ ਮਾਮਲੇ ਵਿੱਚ ਅਜੇ ਵੀ ਜਾਂਚ ਕਰ ਰਹੀ ਹੈ।