ਮੁੰਬਈ: ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ 'ਤੇ ਬਣੀ ਫ਼ਿਲਮ 'ਗੁਲ ਮਕਈ' ਨੂੰ ਰਿਲੀਜ਼ ਡੇਟ ਮਿਲ ਗਈ ਹੈ। ਇਹ ਫ਼ਿਲਮ 31 ਜਨਵਰੀ 2020 ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਕਸ਼ਮੀਰ ਵਿੱਚ ਹੋਈ ਹੈ। ਫ਼ਿਲਮ ਦਾ ਨਿਰਦੇਸ਼ਨ ਅਮਜਦ ਖ਼ਾਨ ਵੱਲੋਂ ਕੀਤਾ ਗਿਆ ਹੈ ਅਤੇ ਨਾਲ ਹੀ ਸੰਜੇ ਸਿੰਗਲਾ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ 'ਚ ਰੀਮ ਸ਼ੇਖ,ਮਰਹੂਮ ਅਦਾਕਾਰ ਓਮ ਪੁਰੀ, ਦਿਵਿਆ ਦੱਤਾ, ਅਤੁਲ ਕੁਲਕਰਣੀ, ਮੁਕੇਸ਼ ਰਿਸ਼ੀ ਅਤੇ ਪੰਕਜ ਤ੍ਰਿਪਾਠੀ ਵਰਗੇ ਮਜੇ ਹੋਏ ਕਲਾਕਾਰ ਨਜ਼ਰ ਆਉਣਗੇ। ਫ਼ਿਲਮ 'ਚ ਰੀਮ ਸ਼ੇਖ ਮਲਾਲਾ ਦਾ ਕਿਰਦਾਰ ਅਦਾ ਕਰਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਕਿ ਮਰਹੂਮ ਅਦਾਕਾਰ ਓਮ ਪੁਰੀ ਦੀ ਇਹ ਆਖ਼ਰੀ ਰਿਲੀਜ਼ ਹੋਣ ਵਾਲੀ ਫ਼ਿਲਮ ਹੈ।
ਜਨਵਰੀ 2020 'ਚ ਰਿਲੀਜ਼ ਹੋਵੇਗੀ ਮਲਾਲਾ ਯੂਸਫ਼ਜ਼ਈ ਦੀ ਬਾਇਓਪਿਕ ਫ਼ਿਲਮ - ਫਿਲਮਸਾਜ਼ ਅਮਜਦ ਖ਼ਾਨ
ਫਿਲਮਸਾਜ਼ ਅਮਜਦ ਖ਼ਾਨ ਵੱਲੋਂ ਨਿਰਦੇਸ਼ਿਤ ਫ਼ਿਲਮ 'ਗੁਲ ਮਕਈ' 31 ਜਨਵਰੀ 2020 ਨੂੰ ਸਿਨੇਮਾਘਰਾਂ ਦਾ ਸ਼ਿੰਘਾਰ ਬਣੇਗੀ। ਮਲਾਲਾ ਯੂਸਫ਼ਜ਼ਈ ਪਾਕਿਸਤਾਨ ਦੀ ਉਹ ਬਹਾਦਰ ਕੁੜੀ ਹੈ ਜਿਸ ਨੇ ਕਬਾਇਲੀ ਖੇਤਰ ਵਿਚ ਕੁੜੀਆਂ ਦੀ ਪੜ੍ਹਾਈ ਦੇ ਹੱਕ ਲਈ ਤਾਲਿਬਾਨ ਨਾਲ ਮੁਕਾਬਲਾ ਕੀਤਾ ਸੀ।
ਫ਼ਿਲਮ ਦੀ ਕਹਾਣੀ ਮਲਾਲਾ ਦੀ ਬਹਾਦੁਰੀ 'ਤੇ ਕੇਂਦਰਿਤ ਹੋਵੇਗੀ। ਉਸ ਦੇ ਸੰਘਰਸ਼ ਦਾ ਵਰਣਨ ਫ਼ਿਲਮ 'ਚ ਕੀਤਾ ਗਿਆ ਹੈ। ਸਵਾਤ ਘਾਟੀ ਤੋਂ ਸ਼ੁਰੂ ਹੋਕੇ ਸਾਰਿਆਂ ਨੂੰ ਮੁਫ਼ਤ 'ਚ ਸਿੱਖਿਆ ਦੇਣ ਦੀ ਰਾਹ 'ਤੇ ਉਨ੍ਹਾਂ ਨੂੰ ਚੈਂਪੀਅਨ ਬਣਾਉਣ ਤੱਕ ਦੀਆਂ ਕਹਾਣੀਆਂ ਨੂੰ ਇਸ ਵਿੱਚ ਬਿਆਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਵੇਲੇ ਬਾਲੀਵੁੱਡ 'ਚ ਬਾਇਓਪਿਕ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ ਜਨਵਰੀ 'ਚ ਤੇਜ਼ਾਬੀ ਹਮਲਾ ਪੀੜਤਾ ਲਕਸ਼ਮੀ ਅਗਰਵਾਲ ਦੀ ਬਾਇਓਪਿਕ 'ਛਪਾਕ' ਵੀ ਰਿਲੀਜ਼ ਹੋ ਰਹੀ ਹੈ। ਬੇਸ਼ਕ 'ਛਪਾਕ' ਅਤੇ 'ਗੁਲ ਮਕਈ' ਇੱਕੋਂ ਦਿਨ ਰਿਲੀਜ਼ ਨਹੀਂ ਹੋ ਰਹੀਆਂ ਪਰ ਬਾਕਸ ਆਫ਼ਿਸ 'ਤੇ ਕਿਹੜੀ ਫ਼ਿਲਮ ਚੰਗਾ ਪ੍ਰਦਰਸ਼ਨ ਕਰੇਗੀ, ਇਸ 'ਤੇ ਨਜ਼ਰ ਹਰ ਇੱਕ ਦੀ ਬਣੀ ਹੋਈ ਹੈ।