ਮੁੰਬਈ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੰਗਨਾ ਰਣੌਤ ‘ਤੇ ਨਿਸ਼ਾਨਾ ਸਾਧਿਆ ਹੈ। ਕੰਗਨਾ ਦਾ ਨਾਂਅ ਲਏ ਬਿਨਾਂ ਊਧਵ ਨੇ ਕਿਹਾ, "ਇਨਸਾਫ ਦਾ ਰੌਲਾ ਪਾਉਣ ਵਾਲਿਆਂ ਨੇ ਮੁੰਬਈ ਪੁਲਿਸ 'ਤੇ ਦੋਸ਼ ਲਗਾਏ। ਮੁੰਬਈ ਨੂੰ ਪੀਓਕੇ ਦੱਸਿਆ। ਅਜਿਹੀ ਤਸਵੀਰ ਪੇਸ਼ ਕਰ ਰਹੇ ਹਨ ਜਿਵੇਂ ਕਿ ਹਰ ਥਾਂ ਡਰੱਗ ਐਡੀਕਟ ਹਨ। ਅਸ਼ੀਂ ਗਾਂਜਾ ਨਹੀਂ ਤੁਲਸੀ ਉਗਾਉਂਦੇ ਹਾਂ। ਗਾਂਜੇ ਦੇ ਖੇਤ ਤੁਹਾਡੇ ਸੂਬੇ ਵਿੱਚ ਹਨ।"
ਇਸ ਤੋਂ ਬਾਅਦ ਕੰਗਨਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਦੇ ਹੋਏ ਇਸ 'ਤੇ ਪਲਟਵਾਰ ਕੀਤਾ ਹੈ।
ਕੰਗਨਾ ਨੇ ਆਪਣੇ ਪਹਿਲੇ ਟਵੀਟ 'ਚ ਲਿੱਖਿਆ, " ਤੁਹਾਨੂੰ ਆਪਣੇ ਮੁੱਖ ਮੰਤਰੀ ਹੋਣ 'ਤੇ ਸ਼ਰਮ ਆਉਣੀ ਚਾਹੀਦੀ ਹੈ। ਇੱਕ ਲੋਕ ਸੇਵਕ ਹੋਣ ਦੇ ਨਾਤੇ ਤੁਸੀਂ ਛੋਟੇ ਝਗੜਿਆਂ ਵਿੱਚ ਰੁੱਝੇ ਹੋਏ ਹੋ। ਤੁਸੀਂ ਤੁਹਾਡੇ ਤੋਂ ਅਸਹਿਮਤ ਹੋਣ ਵਾਲੇ ਲੋਕਾਂ ਦੇ ਖਿਲਾਫ ਤਾਕਤਾਂ ਦੀ ਦੁਰਵਰਤੋਂ ਕਰ ਰਹੇ ਹੋ। ਤੁਸੀਂ ਉਸ ਕੁਰਸੀ ਦੇ ਲਾਇਕ ਨਹੀਂ ਹੋ ਜਿਸ ਨੂੰ ਤੁਸੀਂ ਆਪਣੀ ਗੰਦੀ ਰਾਜਨੀਤੀ ਕਰਕੇ ਹਾਸਲ ਕੀਤਾ ਹੈ। ਸ਼ਰਮ ਆਉਣੀ ਚਾਹੀਦੀ ਹੈ। "
ਆਪਣੇ ਅਗਲੇ ਟਵੀਟ ਵਿੱਚ, ਉਸ ਨੇ ਲਿਖਿਆ, "ਮੁੱਖ ਮੰਤਰੀ ਤੁਸੀਂ ਬਹੁਤ ਹੀ ਹੇਠਲੇ ਪੱਧਰ ਦੇ ਵਿਅਕਤੀ ਹੋ। ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਹੈ, ਇਸ ਵਿੱਚ ਵੱਧ ਤੋਂ ਵੱਧ ਮੰਦਰ ਹਨ ਅਤੇ ਅਪਰਾਧ ਦਰ ਜ਼ੀਰੋ ਹੈ। ਹਾਂ, ਹਿਮਾਚਲ ਦੀ ਧਰਤੀ ਬਹੁਤ ਉਪਜਾਊ ਹੈ, ਜਿੱਥੇ ਸੇਬ, ਕੀਵੀ, ਅਨਾਰ, ਸਟ੍ਰਾਬੇਰੀ ਉੱਗਦੀ ਹੈ ਅਤੇ ਇੱਥੇ ਕੁਝ ਵੀ ਉੱਗ ਸਕਦਾ ਹੈ।"
ਊਧਵ ਦੇ ਇਸ ਬਿਆਨ ਤੋਂ ਬਾਅਦ, ਕੰਗਨਾ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, "ਜਿਸ ਤਰ੍ਹਾਂ ਹਿਮਾਲਿਆ ਦੀ ਸੁੰਦਰਤਾ ਹਰ ਭਾਰਤੀ ਲਈ ਹੈ, ਠੀਕ ਉਸੇ ਤਰ੍ਹਾਂ ਮੁੰਬਈ ਜੋ ਮੌਕੇ ਦਿੰਦੀ ਹੈ ਉਹ ਸਭ ਨਾਲ ਸਬੰਧਤ ਹਨ। ਇਹ ਦੋਵੇਂ ਮੇਰਾ ਘਰ ਹਨ। ਊਧਵ ਠਾਕਰੇ, ਸਾਡੇ ਤੋਂ ਲੋਕਤੰਤਰੀ ਅਧਿਕਾਰ ਖੋਹਣ ਅਤੇ ਵੰਡਣ ਦੀ ਕੋਸ਼ਿਸ਼ ਨਾ ਕਰੋ। ਤੁਹਾਡੇ ਗੰਦੇ ਭਾਸ਼ਣ ਤੁਹਾਡੀ ਅਯੋਗਤਾ ਦਾ ਅਸ਼ਲੀਲ ਪ੍ਰਦਰਸ਼ਨ ਹਨ।"
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਕੰਗਨਾ ਰਨੌਤ ਲਗਾਤਾਰ ਮਹਾਰਾਸ਼ਟਰ ਸਰਕਾਰ ਅਤੇ ਮੁੰਬਈ ਪੁਲਿਸ ਉੱਤੇ ਦੋਸ਼ ਲਾਉਂਦੀ ਰਹੀ ਹੈ। ਉਸ ਨੇ ਮੁੰਬਈ ਦੀ ਤੁਲਨਾ ਪੀਓਕੇ ਨਾਲ ਕੀਤੀ ਅਤੇ ਕਿਹਾ ਕਿ ਉਹ ਮੁੰਬਈ ਵਿੱਚ ਡਰਦੀ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਨੇ ਕੰਗਨਾ ਦੀ ਸਖ਼ਤ ਆਲੋਚਨਾ ਕੀਤੀ ਸੀ।