ਪੰਜਾਬ

punjab

ETV Bharat / jagte-raho

ਲੜਕੀ ਦੇ ਕਤਲ ਮਾਮਲੇ 'ਚ ਮਹਿਲਾ ਕਮਿਸ਼ਨ ਵੱਲੋਂ ਦਿੱਲੀ ਪੁਲਿਸ ਨੂੰ ਨੋਟਿਸ

ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਇੱਕ 19 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।

ਫ਼ੋਟੋ

By

Published : Jul 28, 2019, 10:21 PM IST

ਨਵੀਂ ਦਿੱਲੀ: ਰਾਜਧਾਨੀ ਦੇ ਹਜ਼ਰਤ ਨਿਜ਼ਾਮੂਦੀਨ ਭੋਗਲ ਇਲਾਕੇ ਵਿੱਚ 19 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।

ਮਹਿਲਾ ਕਮਿਸ਼ਨ ਵੱਲੋਂ ਦਿੱਲੀ ਪੁਲਿਸ ਨੂੰ ਨੋਟਿਸ

ਕੀ ਹੈ ਮਾਮਲਾ ?

ਬੀਤੇ ਸ਼ੁੱਕਰਵਾਰ ਨੂੰ ਹਜ਼ਰਤ ਨਿਜ਼ਾਮੂਦੀਨ ਦੇ ਭੋਗਲ ਇਲਾਕੇ 'ਚ ਬਾਜ਼ਾਰ ਵਿੱਚ ਇੱਕ ਨੌਜਵਾਨ ਵੱਲੋਂ 19 ਸਾਲਾ ਲੜਕੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲੜਕੀ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।

ਮ੍ਰਿਤਕ ਲੜਕੀ ਦੀ ਪਛਾਣ ਪ੍ਰੀਤੀ ਵਜੋਂ ਹੋਈ ਹੈ। ਸੂਚਨਾ ਮੁਤਾਬਕ ਮੁਲਜ਼ਮ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਲੜਕੀ ਦਾ ਪਿਛਾ ਕਰ ਰਿਹਾ ਸੀ। ਮੁਲਜ਼ਮ ਨੇ ਲੜਕੀ ਦਾ ਭੋਗਲ ਬਾਜ਼ਾਰ ਤਕ ਪਿਛਾ ਕੀਤਾ ਅਤੇ ਉਸ ਉਪਰ ਚਾਕੂ ਨਾਲ ਕਈ ਵਾਰ ਕੀਤੇ। ਸਥਾਨਕ ਲੋਕਾਂ ਨੇ ਫੋਨ ਕਰਕੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਲੜਕੀ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਹੋਏ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਲੋਕਾਂ ਨੇ ਉਥੇ ਖੜ੍ਹੇ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਕਾਨੂੰਨ ਦਾ ਨਹੀਂ ਹੈ ਡਰ

ਪੁਲਿਸ ਨੂੰ ਭੇਜੇ ਗਏ ਨੋਟਿਸ ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਨੂੰਨ ਦਾ ਡਰ ਨਹੀਂ ਹੈ। ਕਾਨੂੰਨ ਦਾ ਡਰ ਨਾ ਹੋਣ ਕਾਰਨ ਹੀ ਲੜਕੀ ਦੀ ਜ਼ਿੰਦਗੀ ਖ਼ਤਮ ਹੋ ਗਈ। ਸਵਾਤੀ ਮਾਲੀਵਾਲ ਨੇ ਕਿਹਾ ਕਿ ਇਹ ਬੇਹਦ ਜ਼ਰੂਰੀ ਹੈ ਕਿ ਹਰ ਤਰ੍ਹਾਂ ਦੀ ਪ੍ਰਤਾੜਨਾ ਅਤੇ ਖ਼ਾਸ ਕਰ ਕੁੜੀਆਂ ਦਾ ਪਿਛਾ ਕੀਤੇ ਜਾਣ ਜਿਹੇ ਮਾਮਲਿਆਂ ਵਿਰੁੱਧ ਬਣਦੀ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ।

ਮਹਿਲਾ ਕਮਿਸ਼ਨ ਨੇ ਮੰਗੀ ਜਾਣਕਾਰੀ

ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਜਾਂਚ ਦੀ ਮੌਜੂਦਾ ਸਥਿਤੀ ਸਮੇਤ ਐਫ.ਆਈ.ਆਰ. ਦੀ ਕਾਪੀ ਅਤੇ ਇਸ ਤੋਂ ਇਲਾਵਾ 100 ਨੰਬਰ ਤੇ ਕੀਤੀ ਗਈ ਫੋਨ ਕਾਲ, ਪੁਲਿਸ ਵੱਲੋਂ ਘਟਨਾ ਸਥਲ ਤੇ ਪੁੱਜਣ ਦੇ ਸਮੇਂ ਦੀ ਸਾਰੀ ਜਾਣਕਾਰੀ ਮੰਗੀ ਗਈ ਹੈ। ਮਹਿਲਾ ਆਯੋਗ ਨੇ ਪੁਲਿਸ ਕੋਲੋਂ ਮ੍ਰਿਤਕਾ ਅਤੇ ਉਸ ਦੇ ਪਰਿਵਾਰ ਵੱਲੋਂ ਪਹਿਲਾਂ ਤੋਂ ਮੁਲਜ਼ਮ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਅਤੇ ਪੀਸੀਆਰ ਕਾਲ ਅਤੇ ਉਸ ਉੱਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਮੰਗੀ ਹੈ।

ABOUT THE AUTHOR

...view details