ਅੰਕਾਰਾ : ਤੁਰਕੀ-ਸੀਰੀਆ 'ਚ ਸ਼ੁੱਕਰਵਾਰ ਨੂੰ ਆਏ ਭਿਆਨਕ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 41,000 ਤੋਂ ਵੱਧ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਆਫਤ ਪ੍ਰਭਾਵਿਤ ਦੇਸ਼ਾਂ ਨੂੰ ਮਨੁੱਖੀ ਸਹਾਇਤਾ ਵਜੋਂ 100 ਕਰੋੜ ਰੁਪਏ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਤੁਰਕੀ 'ਚ ਸਮੇਂ-ਸਮੇਂ 'ਤੇ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪਿਛਲੇ 12 ਘੰਟਿਆਂ 'ਚ 4 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਲੋਕਾਂ ਵਿੱਚ ਹੋਰ ਵੀ ਦਹਿਸ਼ਤ ਫੈਲ ਗਈ ਹੈ।
ਮੌਸਮ ਕਾਰਨ ਪਈ ਵੱਧ ਮਾਰ:ਤੁਰਕੀ ਸੀਰੀਆ ਦੇ ਕੁਝ ਹਿੱਸਿਆਂ 'ਚ 6 ਫਰਵਰੀ ਨੂੰ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇੱਥੇ ਵਿਆਪਕ ਪੱਧਰ 'ਤੇ ਰਾਹਤ-ਬਚਾਅ ਕਾਰਜ ਜਾਰੀ ਹਨ। ਮਲਬੇ 'ਚ ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਬਚਾਅ ਟੀਮਾਂ ਅਜੇ ਤੱਕ ਉਨ੍ਹਾਂ ਤੱਕ ਨਹੀਂ ਪਹੁੰਚ ਸਕੀਆਂ ਹਨ। ਹਜ਼ਾਰਾਂ ਇਮਾਰਤਾਂ ਤਾਸ਼ ਦੇ ਘਰ ਵਾਂਗ ਢਹਿ ਗਈਆਂ ਹਨ। ਇਨ੍ਹਾਂ ਮਲਬੇ ਦੀ ਤਹਿ ਤੱਕ ਪਹੁੰਚਣਾ ਚੁਣੌਤੀਪੂਰਨ ਸਾਬਤ ਹੋ ਰਿਹਾ ਹੈ। ਇਥੇ ਸਭ ਤੋਂ ਵੱਧ ਮਾਰ ਮੌਸਮ ਕਾਰਨ ਪਈ ਹੈ ਜਿਥੇ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੜਾਕੇ ਦੀ ਠੰਡ 'ਚ ਲੋਕਾਂ ਕੋਲ ਨਾ ਤਾਂ ਆਪਣੀ ਰਿਹਾਇਸ਼ ਹੈ ਅਤੇ ਨਾ ਹੀ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਲੋਕਾਂ ਨੇ ਸ਼ੈਲਟਰ ਹੋਮਜ਼ ਵਿੱਚ ਸ਼ਰਨ ਲਈ ਹੈ।
20 ਸਾਲਾ ਔਰਤ ਨੂੰ ਜ਼ਿੰਦਾ ਬਾਹਰ ਕੱਢਿਆ:ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਦਰਜਨਾਂ ਦੇਸ਼ਾਂ ਦੀਆਂ ਰਾਹਤ ਬਚਾਅ ਟੀਮਾਂ ਜੰਗੀ ਪੱਧਰ 'ਤੇ ਰਾਹਤ ਬਚਾਅ ਕਾਰਜਾਂ 'ਚ ਜੁਟੀਆਂ ਹੋਈਆਂ ਹਨ। ਮਲਬੇ ਹੇਠ ਦੱਬੇ ਕਈ ਲੋਕਾਂ ਨੂੰ ਅਜੇ ਵੀ ਬਚਾਇਆ ਜਾ ਰਿਹਾ ਹੈ। ਭੂਚਾਲ ਦੇ ਗਿਆਰਾਂ ਦਿਨਾਂ ਬਾਅਦ ਵੀ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ। ਰਾਹਤ ਬਚਾਅ ਦਲ ਨੇ 17 ਸਾਲਾ ਲੜਕੀ ਅਤੇ 20 ਸਾਲਾ ਔਰਤ ਨੂੰ ਜ਼ਿੰਦਾ ਬਾਹਰ ਕੱਢਿਆ।
ਇਹ ਵੀ ਪੜ੍ਹੋ-Blast in Jafar Express Pakistan: ਪਾਕਿਸਤਾਨ ਪੰਜਾਬ ਵਿੱਚ "ਜਫਰ ਐਕਸਪ੍ਰੈਸ" 'ਚ ਧਮਾਕਾ, ਇੱਕ ਦੀ ਮੌਤ, ਤਿੰਨ ਜ਼ਖਮੀ
NDRF ਦੀਆਂ ਕਈ ਟੀਮਾਂ ਉੱਥੇ ਰਾਹਤ ਕਾਰਜਾਂ 'ਚ: ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਭੂਚਾਲ ਕਾਰਨ ਬੁਨਿਆਦੀ ਵਸੀਲੇ ਤਬਾਹ ਹੋ ਗਏ। ਪਾਣੀ, ਬਿਜਲੀ ਵਰਗੀਆਂ ਸਹੂਲਤਾਂ ਬੰਦ ਹੋ ਗਈਆਂ। ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਹਾਲਾਂਕਿ ਗੁਆਂਢੀ ਦੇਸ਼ਾਂ ਤੋਂ ਬੋਤਲਬੰਦ ਪਾਣੀ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਨੇ ਅਜਿਹੇ ਵਾਟਰ ਫਿਲਟਰ ਮੁਹੱਈਆ ਕਰਵਾਏ ਹਨ ਜੋ ਡਰੇਨ ਦੇ ਪਾਣੀ ਨੂੰ ਸਾਫ਼ ਕਰਕੇ ਪੀਣ ਯੋਗ ਬਣਾਉਂਦੇ ਹਨ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਵੱਡੀ ਪੱਧਰ 'ਤੇ ਰਾਹਤ ਸਮੱਗਰੀ ਪਹੁੰਚਾਈ ਗਈ ਹੈ। NDRF ਦੀਆਂ ਕਈ ਟੀਮਾਂ ਉੱਥੇ ਰਾਹਤ ਕਾਰਜਾਂ 'ਚ ਲੱਗੀਆਂ ਹੋਈਆਂ ਹਨ। NDRF ਨੇ ਇੱਥੇ ਕਈ ਲੋਕਾਂ ਦੀ ਜਾਨ ਬਚਾਈ ਹੈ।
ਭਾਰਤ ਨੇ ਵੀ ਭੇਜੀ ਹੈ ਰਾਹਤ ਸਮੱਗਰੀ :ਦੱਸ ਦੇਈਏ ਕਿ 6 ਫਰਵਰੀ ਨੂੰ ਤੁਰਕੀ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤੋਂ ਬਾਅਦ ਭਾਰਤ ਤੋਂ ਇਨ੍ਹਾਂ ਦੇਸ਼ਾਂ ਵਿੱਚ ਐਨਡੀਆਰਐਫ ਦੀਆਂ ਟੀਮਾਂ ਭੇਜੀਆਂ ਗਈਆਂ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਸਮੱਗਰੀਆਂ ਸਮੇਤ ਸੰਕਟਕਾਲੀਨ ਰਾਹਤ ਸਮੱਗਰੀ ਭੇਜੀ ਹੈ। ਇਨ੍ਹਾਂ ਦੀ ਕੀਮਤ 7 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।
ਗਲੋਬਲ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਹਨ :ਤੁਰਕੀ ਅਤੇ ਸੀਰੀਆ 'ਚ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਗਲੋਬਲ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ। ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਵਧਦੇ ਮਨੁੱਖੀ ਸੰਕਟ 'ਤੇ ਕਾਬੂ ਪਾਉਣ ਲਈ 1 ਬਿਲੀਅਨ ਡਾਲਰ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਪੀੜਤਾਂ ਦੀ ਮਦਦ ਲਈ ਫੰਡਾਂ ਦੀ ਮੰਗ ਕਰਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ "ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ"। ਸੰਯੁਕਤ ਰਾਸ਼ਟਰ ਅਗਲੇ ਤਿੰਨ ਮਹੀਨਿਆਂ ਤੱਕ 5.2 ਮਿਲੀਅਨ ਲੋਕਾਂ ਨੂੰ ਭੋਜਨ ਸੁਰੱਖਿਆ, ਸਿੱਖਿਆ, ਪਾਣੀ ਅਤੇ ਆਸਰਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।