ਵਾਸ਼ਿੰਗਟਨ: ਐਲਨ ਮਸਕ ਨੇ ਟਵਿਟਰ ਖਰੀਦਣ ਤੋਂ ਬਾਅਦ ਭਾਰਤੀ ਮੂਲ ਦੇ ਸੀਈਓ ਪਰਾਗ ਅਗਰਵਾਲ ਨੂੰ ਬਰਖਾਸਤ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਅਤੇ ਮੁੱਖ ਵਿੱਤੀ ਅਧਿਕਾਰੀ ਨੇਡ ਸਹਿਗਲ ਨੇ ਕੰਪਨੀ ਦੇ ਸੈਨ ਫਰਾਂਸਿਸਕੋ ਹੈੱਡਕੁਆਰਟਰ ਨੂੰ ਛੱਡ ਦਿੱਤਾ ਹੈ। ਪਰਾਗ ਅਗਰਵਾਲ ਨੇ ਪਿਛਲੇ ਸਾਲ ਨਵੰਬਰ ਵਿੱਚ ਅਹੁਦਾ ਸੰਭਾਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਐਲੋਨ ਮਸਕ ਨੇ ਪਰਾਗ ਅਗਰਵਾਲ ਅਤੇ ਨੇਡ ਸਹਿਗਲ ਨੂੰ ਕੰਪਨੀ ਤੋਂ ਬਰਖਾਸਤ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕੰਪਨੀ ਹੈੱਡਕੁਆਰਟਰ ਤੋਂ ਵੀ ਬਾਹਰ ਕੱਢ ਦਿੱਤਾ ਗਿਆ।
ਐਲੋਨ ਮਸਕ ਨੇ ਇਸ ਸਾਲ 13 ਅਪ੍ਰੈਲ ਨੂੰ ਟਵਿਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ $54.2 ਪ੍ਰਤੀ ਸ਼ੇਅਰ ਦੀ ਦਰ ਨਾਲ $44 ਬਿਲੀਅਨ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ। ਪਰ ਫਿਰ ਸਪੈਮ ਅਤੇ ਜਾਅਲੀ ਖਾਤਿਆਂ ਦੇ ਕਾਰਨ, ਉਨ੍ਹਾਂ ਨੇ ਉਸ ਸੌਦੇ ਨੂੰ ਰੋਕ ਦਿੱਤਾ। ਮਸਕ ਨੇ ਬਾਅਦ ਵਿੱਚ 8 ਜੁਲਾਈ ਨੂੰ ਸੌਦਾ ਤੋੜਨ ਦਾ ਫੈਸਲਾ ਕੀਤਾ। ਇਸ ਦੇ ਖਿਲਾਫ ਟਵਿੱਟਰ ਨੇ ਅਦਾਲਤ ਤੱਕ ਪਹੁੰਚ ਕੀਤੀ। ਇਸ ਵਿਵਾਦ 'ਤੇ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ, ਅਕਤੂਬਰ ਦੀ ਸ਼ੁਰੂਆਤ ਵਿੱਚ, ਮਸਕ ਨੇ ਟਵਿੱਟਰ ਸੌਦੇ ਨੂੰ ਪੂਰਾ ਕਰਨ ਦੀ ਗੱਲ ਕੀਤੀ।
ਦੱਸ ਦਈਏ ਕਿ ਐਲਨ ਮਸਕ ਬੁੱਧਵਾਰ ਨੂੰ ਅਚਾਨਕ ਸਾਨ ਫਰਾਂਸਿਸਕੋ ਵਿੱਚ ਟਵਿਟਰ ਦੇ ਹੈੱਡ ਕੁਆਰਟਰ ਪਹੁੰਚ ਗਏ ਸੀ। ਇਸ ਦੌਰਾਨ ਉਹ ਆਪਣੇ ਨਾਲ ਇਕ ਸਿੰਕ ਵੀ ਲੈ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਦੇ ਹੁਕਮਾਂ ਮੁਤਾਬਕ 44 ਅਰਬ ਡਾਲਰ ਦਾ ਇਹ ਸੌਦਾ ਸ਼ੁੱਕਰਵਾਰ ਤੱਕ ਪੂਰਾ ਹੋਣਾ ਹੈ। ਇਸ ਦੇ ਨਾਲ ਹੀ ਮਸਕ ਨੇ ਆਪਣਾ ਟਵਿਟਰ ਬਾਇਓ ਵਿੱਚ ਵੀ ਬਦਲਾਅ ਕੀਤਾ। ਉਨ੍ਹਾਂ ਨੇ ਪਹਿਲਾਂ ਆਪਣੇ ਟਵਿੱਟਰ ਪ੍ਰੋਫਾਈਲ 'ਚ 'ਟਵਿਟਰ ਹੈੱਡਕੁਆਰਟਰ' ਦੀ ਲੋਕੇਸ਼ਨ ਬਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਡਿਸਕ੍ਰਿਪਟਰ ਨੂੰ 'ਚੀਫ ਟਵੀਟ' ਲਿਖਿਆ।