ਟੋਕੀਓ/ ਜਾਪਾਨ: ਨਵੇਂ ਸਾਲ ਦੇ ਪਹਿਲੇ ਦਿਨ ਅੱਜ ਜਾਪਾਨ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.6 ਮਾਪੀ ਗਈ ਹੈ। ਇਸ ਦੇ ਨਾਲ ਹੀ, ਭੂਚਾਲ ਤੋਂ ਬਾਅਦ ਹੁਣ ਸੁਨਾਮੀ ਦਾ ਵੀ ਖਤਰਾ ਬਣਿਆ ਹੋਇਆ ਹੈ। ਸਰਕਾਰ ਨੇ ਸੁਨਾਮੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੀ ਤੀਬਰਤਾ ਕਾਫੀ ਜ਼ਿਆਦਾ ਸੀ।
ਨਵੇਂ ਸਾਲ ਦੇ ਪਹਿਲੇ ਦਿਨ ਜਾਪਾਨ ਵਿੱਚ ਮੁਸੀਬਤ ਆ ਗਈ। ਉੱਤਰੀ ਮੱਧ ਜਾਪਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਜਾਪਾਨ ਦੇ ਕਾਸ਼ੀਵਾਕੀ ਸ਼ਹਿਰ ਤੋਂ 40 ਸੈਂਟੀਮੀਟਰ ਦੂਰ ਸੀ। ਜਾਪਾਨ ਦੇ ਸਾਗਰ 'ਚ ਭੂਚਾਲ ਦੀ ਲੜੀ ਤੋਂ ਬਾਅਦ ਸੋਮਵਾਰ ਨੂੰ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਬਾਅਦ ਇਸ਼ੀਕਾਵਾ ਦੇ ਤੱਟ ਅਤੇ ਆਲੇ-ਦੁਆਲੇ ਦੇ ਪ੍ਰੀਫੈਕਚਰ 'ਤੇ ਭੂਚਾਲ ਦੀ ਸੂਚਨਾ ਦਿੱਤੀ।
ਇਨ੍ਹਾਂ ਵਿੱਚੋਂ ਇੱਕ ਦੀ ਸ਼ੁਰੂਆਤੀ ਤੀਬਰਤਾ 7.6 ਮਾਪੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸੁਨਾਮੀ ਨੂੰ ਲੈ ਕੇ ਇਸ਼ਿਕਾਵਾ ਲਈ ਵੱਡੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ, ਹੋਨਸ਼ੂ ਟਾਪੂ ਦੇ ਬਾਕੀ ਪੱਛਮੀ ਤੱਟਾਂ ਲਈ ਨੀਵੇਂ ਪੱਧਰ ਦੀ ਸੁਨਾਮੀ ਦੀ ਚਿਤਾਵਨੀ (Japan Tsunami Alert) ਜਾਰੀ ਕੀਤੀ ਗਈ ਹੈ। ਜਾਪਾਨੀ ਜਨਤਕ ਪ੍ਰਸਾਰਕ NHK ਟੀਵੀ ਨੇ ਚੇਤਾਵਨੀ ਦਿੱਤੀ ਹੈ ਕਿ ਪਾਣੀ ਦਾ ਪੱਧਰ 5 ਮੀਟਰ (16.5 ਫੀਟ) ਤੱਕ ਪਹੁੰਚ ਸਕਦੀ ਹੈ।
ਲੋਕਾਂ ਨੂੰ ਜਲਦੀ ਤੋਂ ਜਲਦੀ ਉੱਚੀ ਜ਼ਮੀਨ ਜਾਂ ਨੇੜਲੇ ਇਮਾਰਤ ਦੇ ਸਿਖਰ 'ਤੇ ਜਾਣ ਲਈ ਕਿਹਾ ਗਿਆ ਹੈ। NHK ਨੇ ਕਿਹਾ ਕਿ ਸੁਨਾਮੀ ਦੀਆਂ ਲਹਿਰਾਂ ਕਈ ਵਾਰ ਆ ਸਕਦੀਆਂ ਹਨ। ਸ਼ੁਰੂਆਤੀ ਚੇਤਾਵਨੀ ਦੇ ਲਗਭਗ ਇੱਕ ਘੰਟੇ ਬਾਅਦ ਵੀ ਚੇਤਾਵਨੀਆਂ ਪ੍ਰਸਾਰਿਤ ਕੀਤੀਆਂ ਗਈਆਂ। ਸਰਕਾਰ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਨ ਜਾ ਰਹੀ ਸੀ। ਜਾਨ-ਮਾਲ ਦੇ ਨੁਕਸਾਨ ਬਾਰੇ ਫਿਲਹਾਲ ਕੋਈ ਰਿਪੋਰਟ ਉਪਲਬਧ ਨਹੀਂ ਹੈ।
ਜਾਪਾਨ ਦੇ ਪੱਛਮੀ ਤੱਟ 'ਤੇ ਨਿਗਾਟਾ ਅਤੇ ਹੋਰ ਪ੍ਰੀਫੈਕਚਰ 'ਚ ਲਗਭਗ 3 ਮੀਟਰ ਉੱਚੀ ਸੁਨਾਮੀ ਆਉਣ ਦੀ ਸੰਭਾਵਨਾ ਹੈ। NHK ਦੇ ਅਨੁਸਾਰ, ਸੁਨਾਮੀ ਦੀਆਂ ਛੋਟੀਆਂ ਲਹਿਰਾਂ ਦੇ ਸਮੁੰਦਰੀ ਤੱਟ 'ਤੇ ਪਹੁੰਚਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਖੇਤਰ ਵਿੱਚ ਇੱਕ ਪ੍ਰਮਾਣੂ ਪਲਾਂਟ ਵੀ ਹੈ। ਟੋਕੀਓ ਇਲੈਕਟ੍ਰਿਕ ਪਾਵਰ ਕੰਪਨੀ ਨੇ ਕਿਹਾ ਹੈ ਕਿ ਉਹ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਜਾਪਾਨ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਮਾਰਚ 2011 ਵਿੱਚ, ਇੱਕ ਵੱਡੇ ਭੂਚਾਲ ਅਤੇ ਸੁਨਾਮੀ ਕਾਰਨ ਪ੍ਰਮਾਣੂ ਪਲਾਂਟ ਵਿੱਚ ਖਰਾਬੀ ਆਈ ਸੀ।