ਅੰਕਾਰਾ : ਤੁਰਕੀ ਅਤੇ ਸੀਰੀਆ ਨੂੰ ਹਿਲਾ ਦੇਣ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 7900 ਤੋਂ ਪਾਰ ਹੋ ਗਈ ਹੈ। ਘਾਤਕ ਭੂਚਾਲ ਤੋਂ ਬਾਅਦ ਤੁਰਕੀ ਅਤੇ ਸੀਰੀਆ ਵਿੱਚ ਜ਼ਖਮੀਆਂ ਦੀ ਗਿਣਤੀ 42,259 ਤੋਂ ਪਾਰ ਹੋ ਗਈ ਹੈ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਕਿ ਸੋਮਵਾਰ ਨੂੰ ਆਏ ਭੂਚਾਲ ਤੋਂ ਬਾਅਦ ਤੁਰਕੀ 'ਚ ਘੱਟੋ-ਘੱਟ 5,894 ਲੋਕ ਮਾਰੇ ਗਏ ਹਨ ਅਤੇ 34,810 ਹੋਰ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੀਰੀਆ ਵਿੱਚ ਘੱਟੋ-ਘੱਟ 1,832 ਲੋਕ ਮਾਰੇ ਗਏ ਹਨ ਅਤੇ 3,849 ਹੋਰ ਜ਼ਖ਼ਮੀ ਹੋਏ ਹਨ। ਰਿਪੋਰਟ ਮੁਤਾਬਕ ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਜਨਰਲ ਡਾਇਰੈਕਟਰ (ਏ.ਐੱਫ.ਏ.ਡੀ.) ਓਰਹਾਨ ਤਾਤਾਰ ਨੇ ਦੱਸਿਆ ਕਿ ਤੁਰਕੀ 'ਚ ਸੋਮਵਾਰ ਨੂੰ ਆਏ ਭੂਚਾਲ ਤੋਂ ਬਾਅਦ ਘੱਟੋ-ਘੱਟ 5,775 ਇਮਾਰਤਾਂ ਢਹਿ ਗਈਆਂ। ਤੁਰਕੀ ਦੇ ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਲਗਭਗ 7,500 ਤੁਰਕੀ ਦੇ ਸੈਨਿਕ ਭੂਚਾਲ ਪ੍ਰਭਾਵਿਤ ਖੇਤਰ 'ਚ ਬਚਾਅ ਕਾਰਜਾਂ 'ਚ ਮਦਦ ਲਈ ਕੰਮ ਕਰ ਰਹੇ ਹਨ।
ਪ੍ਰਭਾਵਿਤ ਇਲਾਕੇ ਵਿਚ ਭੇਜੀ ਫੌਜੀ ਮਦਦ :ਹੁਲੁਸੀ ਅਕਾਰ ਨੇ ਇਹ ਵੀ ਕਿਹਾ ਕਿ ਬੁੱਧਵਾਰ ਨੂੰ 1,500 ਵਾਧੂ ਕਰਮਚਾਰੀ ਟੀਮ ਵਿੱਚ ਸ਼ਾਮਲ ਹੋਣਗੇ। ਮੀਡੀਆ ਰਿਪੋਰਟ ਮੁਤਾਬਕ ਹੁਲੁਸੀ ਅਕਾਰ ਨੇ ਕਿਹਾ ਕਿ ਇਲਾਕੇ ਵਿੱਚ 75 ਫੌਜੀ ਜਹਾਜ਼ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਪੱਛਮ ਤੋਂ ਨੌਂ ਕਮਾਂਡੋ ਬਟਾਲੀਅਨ ਇਲਾਕੇ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਸਾਈਪ੍ਰਸ ਤੋਂ ਚਾਰ ਕਮਾਂਡੋ ਬਟਾਲੀਅਨ ਵੀ ਇਲਾਕੇ ਵਿੱਚ ਪੁੱਜਣਗੀਆਂ।