ਲਾਹੌਰ: ਜੰਮੂ-ਕਸ਼ਮੀਰ ਦੇ ਮੁੱਦੇ ਤੇ ਲਗਾਤਾਰ ਗੁਆਂਢੀ ਮੁਲਕ ਪਾਕਿਸਤਾਨ ਭਾਰਤ ਤੇ ਟਿੱਪਣੀਆਂ ਕਰ ਰਿਹਾ ਹੈ ਪਰ ਇਸ ਦੌਰਾਨ ਪਾਕਿਸਾਤਨ ਵਿੱਚ ਜੋ ਮੰਦੀ ਅਤੇ ਮਹਿੰਗਾਈ ਹੈ ਉਸ ਨੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਉਲਝਾ ਕੇ ਰੱਖ ਦਿੱਤਾ ਹੈ।
ਗੁਆਂਢੀ ਮੁਲਕ ਵਿੱਚ ਮਹਿੰਗਾਈ ਦਾ ਆਲਮ ਇਸ ਕਦਰ ਵਧ ਚੁੱਕਿਆ ਹੈ ਕਿ ਉੱਥੇ ਟਮਾਟਰ 260 ਰੁਪਏ (ਪਾਕਿਸਤਾਨੀ) ਪ੍ਰਤੀ ਕਿੱਲੋ ਅਤੇ ਪਿਆਜ਼ 150 ਰੁਪਏ ਕਿੱਲੋ ਤੋਂ ਵੀ ਵੱਧ ਵਿਕ ਰਿਹਾ ਹੈ। ਇਸ ਤੋਂ ਇਲਾਵਾ ਜੇ ਅਦਰਕ ਖ਼ਰੀਦਣ ਬਾਰੇ ਸੋਚਿਆ ਜਾਵੇ ਤਾਂ ਅਦਰਕ ਖ਼ਰੀਦਣ ਲਈ 500 ਰਪੁਏ ਦੇਣੇ ਪੈਣਗੇ। ਇਸ ਕਰਕੇ ਹੀ ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਹੋ ਰਿਹਾ ਹੈ। ਲੋਕ ਖ਼ਾਨ ਦੀ ਸਰਕਾਰ ਨੂੰ ਹਰ ਪਾਸਿਓਂ ਫੇਲ ਸਰਕਾਰ ਕਰਾਰ ਦੇ ਰਹੇ ਹਨ।
ਅਖ਼ਬਾਰ ਜੰਗ ਦੀ ਰਿਪੋਰਟ ਵਿੱਚ ਇਹ ਸਾਂਝਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਰਾਚੀ ਵਿੱਚ ਟਮਾਟਰ 300 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਟਮਾਟਰ ਦੀ ਥੋਕ ਦੀ ਕੀਮਤ 200 ਰੁਪਏ ਕਿੱਲੋ ਤੋਂ ਵੀ ਵੱਧ ਹੈ।