ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਪੇਂਡੂ ਇਲਾਕਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਅਸਮਾਨੀ ਬਿਜਲੀ ਡਿਗਣ ਨਾਲ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਾਂਝੀ ਕੀਤੀ ਗਈ ਹੈ।
ਸਥਾਨਕ ਅਖਬਾਰ ਮੁਤਾਬਕ, ਬੁੱਧਵਾਰ ਦੇਰ ਰਾਤ ਤੋਂ ਰੇਗਿਸਤਾਨ ਦੇ ਖੇਤਰ ਵਿੱਚ ਥਾਰਪਰਕਰ ਜ਼ਿਲ੍ਹੇ ਦੇ ਮਿੱਠੀ, ਛਾਛੀ ਖੇਤਰ ਅਤੇ ਰਾਮ ਸਿੰਘ ਸੋਢੋ ਪਿੰਡ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਅਤੇ ਵੀਰਵਾਰ ਨੂੰ ਵੀ ਜਾਰੀ ਰਿਹਾ, ਇਸ ਸਮੇਂ ਦੌਰਾਨ ਅਸਮਾਨੀ ਬਿਜਲੀ ਡਿਗਣ ਨਾਲ ਇਹ ਘਟਨਾ ਵਾਪਰੀ।
ਪ੍ਰਭਾਵਿਤ ਇਲਾਕਿਆਂ ਵਿੱਚ ਅਸਮਾਨੀ ਬਿਜਲੀ ਡਿਗਣ ਅਤੇ ਬਾਅਦ 'ਚ ਅੱਗ ਲਗਣ ਨਾਲ ਸੈਂਕੜੇ ਪਸ਼ੂਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਸਾਮਣੇ ਆਈ ਹੈ। ਦੱਸਣਯੋਗ ਹੈ ਕਿ ਬੁੱਧਵਾਰ ਦੀ ਰਾਤ ਨੂੰ 3 ਲੋਕਾਂ ਦੀ ਮੌਤ ਹੋ ਗਈ, ਜਦ ਕਿ ਵੀਰਵਾਰ ਨੂੰ 10 ਮਹਿਲਾਵਾਂ ਸਣੇ 17 ਲੋਕਾਂ ਦੇ ਮਰਨ ਦੀ ਖ਼ਬਰ ਆਈ ਹੈ।
ਅਸਮਾਨੀ ਬਿਜਲੀ ਡਿਗਣ ਦੀ ਘਟਨਾਂ 'ਚ ਘਟੋਂ ਘੱਟ 30 ਲੋਕ ਗੰਭੀਰ ਜ਼ਖ਼ਮੀ ਹਨ। ਜ਼ਖ਼ਮੀ ਲੋਕਾਂ ਨੂੰ ਮਿੱਠੀ, ਛਾਛੀ ਖੇਤਰ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਭਾਵਤ ਇਲਾਕਿਆਂ ਦੇ ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਹੈ।