ਚੰਡੀਗੜ੍ਹ: ਮਾਇਆਨਗਰੀ ਮੁੰਬਈ ਅਤੇ ਪੰਜਾਬੀ ਮੰਨੋਰੰਜਨ ਉਦਯੋਗ ਨਾਲ ਬਤੌਰ ਐਸੋਸੀਏਟ ਨਿਰਦੇਸ਼ਕ ਅਤੇ ਅਦਾਕਾਰ ਦੇ ਤੌਰ 'ਤੇ ਪਿਛਲੇ ਲੰਮੇ ਸਮੇਂ ਤੋਂ ਜੁੜ੍ਹੇ ਆ ਰਹੇ ਨੌਜਵਾਨ ਫਿਲਮਕਾਰ ਮਨਜੋਤ ਸਿੰਘ ਹੁਣ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜੋ ਆਪਣੀ ਪਲੇਠੀ ਫ਼ੀਚਰ ਫਿਲਮ 'ਜੱਟੂ ਨਿਖੱਟੂ' ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ।
ਐਮ ਐਮ ਮੂਵੀਜ਼ ਅਤੇ ਪੰਜਾਬੀ ਸਕਰੀਨ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਮਨਮੋਹਨ ਸਿੰਘ ਹਨ, ਜਿੰਨ੍ਹਾਂ ਦੀ ਅਰਥ ਭਰਪੂਰ ਫਿਲਮ ਦੀ ਸਟਾਰਕਾਸਟ ਵਿਚ ਹਰਵਿੰਦਰ ਔਜਲਾ, ਦਿਵਜੋਤ ਕੌਰ, ਤਰਸੇਮ ਪਾਲ, ਵਿਜੇ ਟੰਡਨ, ਸਤੀਸ਼ ਕੌਲ ਤੋਂ ਇਲਾਵਾ ਮਲਕੀਤ ਰੌਣੀ, ਗੁਰਵਿੰਦਰ ਮਕਨਾ, ਬੋਬ ਖਹਿਰਾ, ਅਰਵਿੰਦਰ ਸਿੰਘ ਭੱਟੀ, ਵਿਜੇ ਸ਼ਰਮਾ, ਵਿਪਨ ਧਵਨ, ਮੀਨੂ ਸ਼ਰਮਾ, ਸੀਮਾ ਸ਼ਰਮਾ ਆਦਿ ਸ਼ਾਮਿਲ ਹਨ।
ਫਿਲਮ ਦੇ ਸਟੋਰੀ ਰਾਈਟਰ ਮਨਮੋਹਨ ਸਿੰਘ ਬਾਂਸਲ, ਸਕਰੀਨ ਪਲੇ ਅਤੇ ਡਾਇਲਾਗ ਲੇਖਕ ਜਗਦੀਸ਼ ਸਚਦੇਵਾ, ਗੀਤਕਾਰ ਦਲਜੀਤ ਸਿੰਘ ਅਰੋੜਾ, ਸੰਗੀਤਕਾਰ ਗੁਰਮੀਤ ਸਿੰਘ, ਜਸਕਰਨ ਸੋਹਲ, ਕੇ ਕਿਸ਼ੋਰ, ਕੈਮਰਾਮੈਨ ਪਰਮਿੰਦਰ ਸਿੰਘ ਪੈਰੀ, ਪਿੱਠਵਰਤੀ ਗਾਇਕ ਗੁਰਮੀਤ ਸਿੰਘ, ਮੰਨਤ ਨੂਰ, ਤਰਲੋਚਨ ਲੋਚੀ, ਸਿਮਰਨ ਚੌਧਰੀ, ਐਡੀਟਰ ਹਰਕੀਰਤ ਸਿੰਘ ਲਾਲ, ਕੋਰਿਓਗ੍ਰਾਫ਼ਰ ਪਰਮਵੀਰ ਸਿੰਘ, ਲਾਈਨ ਨਿਰਮਾਤਾ ਮਾਸਟਰ ਪ੍ਰਾਈਮ ਸਟੂਡਿਓ, ਗੁਰੂ ਰੰਧਾਵਾ, ਕਾਰਜਕਾਰੀ ਨਿਰਮਾਤਾ ਦਲਜੀਤ ਸਿੰਘ ਅਰੋੜਾ ਅਤੇ ਸਹਿ ਨਿਰਮਾਤਾ ਗੁਰਿੰਦਰ ਸਿੰਘ ਦਤਿਆ ਹਨ।
ਛੋਟੇ ਪਰਦੇ ਲਈ ਤਾਰਕ ਮਹਿਤਾ ਕਾ ਓਲਟਾ ਚਸ਼ਮਾ ਸਮੇਤ ਕਈ ਟੀ.ਵੀ ਸੋਅਜ਼ ਵਿੱਚ ਅਦਾਕਾਰੀ ਕਰਨ ਦੇ ਨਾਲ ਨਾਲ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਕਈ ਨਾਮੀ ਨਿਰਦੇਸ਼ਕਾਂ ਨਾਲ ਐਸੋਸੀਏਟ ਨਿਰਦੇਸ਼ਕ ਕੰਮ ਕਰਨ ਦਾ ਲੰਮੇਰ੍ਹਾ ਤਜ਼ਰਬਾ ਰੱਖਦੇ ਨਿਰਦੇਸ਼ਕ ਮਨਜੋਤ ਸਿੰਘ ਹਾਲ ਹੀ ਵਿਚ ਇਕ ਬਹੁਤ ਹੀ ਉਮਦਾ ਲਘੂ ਫਿਲਮ ਮੁਲਾਕਾਤ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਦੀ ਇਹ ਪਹਿਲੀ ਫ਼ੀਚਰ ਫਿਲਮ ਵੀ ਇਕ ਸੰਦੇਸ਼ਮਕ ਅਤੇ ਭਾਵਪੂਰਨ ਕਹਾਣੀ ਦੁਆਲੇ ਆਧਾਰਿਤ ਹੈ, ਜੋ ਇਕ ਨੌਜਵਾਨ ਦੇ ਸਮਾਜਿਕ ਤੌਰ 'ਤੇ ਨਾਂਹ ਪੱਖੀ ਅਤੇ ਹੋਰ ਕਈ ਤਰ੍ਹਾਂ ਦੇ ਸ਼ੇਡਜ਼ ਦਾ ਪ੍ਰਗਟਾਵਾ ਕਰੇਗੀ। ਉਨ੍ਹਾਂ ਦੱਸਿਆ ਕਿ ਫਿਲਮਕਾਰ ਦੇ ਤੌਰ 'ਤੇ ਹਰ ਪ੍ਰੋਜੈਕਟ ਦੁਆਰਾ ਕੁਝ ਨਾ ਕੁਝ ਅਲਹਦਾ ਕਰਨਾ ਉਨਾਂ ਦੀ ਹਮੇਸ਼ਾ ਪਹਿਲਕਦਮੀ ਰਹੇਗੀ ਅਤੇ ਇਸੇ ਦੀ ਪਹਿਲੀ ਕੜ੍ਹੀ ਵਜੋਂ ਸਾਹਮਣੇ ਆਵੇਗੀ ਇਹ ਫਿਲਮ ਜੋ ਨੌਜਵਾਨਾਂ ਨੂੰ ਸਹੀ ਰਾਹ ਅਪਨਾਉਣਾ ਅਤੇ ਜੀਵਨ ਵਿਚ ਇਕ ਨਿਸ਼ਾਨਾ ਨਿਰਧਾਰਿਤ ਕਰਨ ਲਈ ਵੀ ਪ੍ਰੇਰਿਤ ਕਰੇਗੀ।
ਪੰਜਾਬੀ ਅਤੇ ਹਿੰਦੀ ਦੋਨਾਂ ਸਿਨੇਮਾ ਖੇਤਰਾਂ ਵਿਚ ਕੁਝ ਵਿਸ਼ੇਸ਼ ਕਰ ਗੁਜ਼ਰਣ ਦੀ ਤਾਂਘ ਰੱਖਦੇ ਇਸ ਪ੍ਰਤਿਭਾਵਾਨ ਨਿਰਦੇਸ਼ਕ ਨੇ ਦੱਸਿਆ ਕਿ ਹੁਣ ਤੱਕ ਦੇ ਸਫ਼ਰ ਦੌਰਾਨ ਚਾਹੇ ਉਹ ਐਕਟਰ ਦੇ ਤੌਰ 'ਤੇ ਹੋਵੇ ਜਾਂ ਫਿਰ ਨਿਰਦੇਸ਼ਨ ਦੇ ਤੌਰ ਉਤੇ, ਉਨਾਂ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨਾਲ ਉਨਾਂ ਦੇ ਚਾਹੁੰਣ ਵਾਲਿਆਂ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ।