ਦਿੱਲੀ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਨੇ ਹਾਲ ਹੀ 'ਚ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ। ਹੁਣ ਇਸ ਜੋੜੇ ਦੇ ਘਰ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਦਿੱਲੀ ਵਾਲੇ ਘਰ 'ਚ ਕਰੋੜਾਂ ਰੁਪਏ ਦੀ ਚੋਰੀ ਹੋਈ ਹੈ। ਇਹ ਖਬਰ ਉਦੋਂ ਸਾਹਮਣੇ ਆਈ ਜਦੋਂ ਸੋਨਮ ਕਪੂਰ ਦੀ ਦਾਦੀ ਸਰਲਾ ਆਹੂਜਾ ਨੇ ਘਰ 'ਚ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ 'ਚ ਦਰਜ ਕਰਵਾਈ।
ਤੁਗਲਕ ਰੋਡ ਥਾਣਾ ਪੁਲਿਸ ਨੇ ਰਿਪੋਰਟ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੌਰਤਲਬ ਹੈ ਕਿ ਘਰ 'ਚੋਂ 1 ਕਰੋੜ 41 ਲੱਖ ਰੁਪਏ ਤੋਂ ਵੱਧ ਦੀ ਚੋਰੀ ਹੋਈ ਹੈ, ਜਿਸ 'ਚ ਨਕਦੀ ਅਤੇ ਗਹਿਣੇ ਸ਼ਾਮਲ ਹਨ।
ਖਬਰਾਂ ਮੁਤਾਬਕ ਇਹ ਚੋਰੀ ਇਸ ਸਾਲ ਫਰਵਰੀ ਮਹੀਨੇ 'ਚ ਸੋਨਮ ਅਤੇ ਆਨੰਦ ਦੇ ਦਿੱਲੀ ਵਾਲੇ ਘਰ 'ਚ ਹੋਈ ਸੀ। ਸੋਨਮ ਦੀ ਦਾਦੀ ਸਰਲਾ ਆਹੂਜਾ ਆਪਣੇ ਬੇਟੇ ਅਤੇ ਨੂੰਹ ਨਾਲ ਦਿੱਲੀ ਦੇ ਘਰ ਰਹਿੰਦੀ ਹੈ। ਘਰ ਵਿੱਚ 35 ਦੇ ਕਰੀਬ ਨੌਕਰ ਹਨ ਜੋ ਘਰ ਦਾ ਸਾਰਾ ਕੰਮ ਕਰਦੇ ਹਨ। ਪੁਲਿਸ ਹੁਣ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਸੋਨਮ ਦੇ ਦਿੱਲੀ ਵਾਲੇ ਘਰ ਤੋਂ 1.40 ਕਰੋੜ ਰੁਪਏ ਦੇ ਗਹਿਣੇ ਅਤੇ 1 ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ ਹੈ।