ਚੰਡੀਗੜ੍ਹ:ਬਾਲੀਵੁੱਡ ਅਤੇ ਟੈਲੀਵਿਜ਼ਨ ਦੀਆਂ ਅਜਿਹੀਆਂ ਕਈ ਸੁੰਦਰੀਆਂ ਹਨ, ਜੋ ਅਦਾਕਾਰੀ ਤੋਂ ਇਲਾਵਾ ਆਪਣੇ ਗਲੈਮਰਸ ਲੁੱਕ ਲਈ ਜਾਣੀਆਂ ਜਾਂਦੀਆਂ ਹਨ। ਉਹਨਾਂ ਵਿੱਚ ਹੀ ਇੱਕ ਨਾਂ ਰਸ਼ਮੀ ਦੇਸਾਈ ਦਾ ਆਉਂਦਾ ਹੈ। ਰਸ਼ਮੀ ਦੇਸਾਈ ਕਈ ਟੀਵੀ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ। ਦੇਸਾਈ ਆਏ ਦਿਨ ਆਪਣੀਆਂ ਤਸਵੀਰਾਂ ਕਾਰਨ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ, ਹੁਣ ਇੱਕ ਵਾਰ ਫਿਰ ਦੇਸਾਈ ਚਰਚਾ ਦਾ ਵਿਸ਼ਾ ਬਣ ਗਈ ਹੈ, ਇਸ ਵਾਰ ਕਾਰਨ ਫੋਟੋਆਂ ਨਹੀਂ ਬਲਕਿ ਉਸ ਦਾ ਕੰਮ ਹੈ।
ਜੀ ਹਾਂ...ਤੁਸੀਂ ਸਹੀ ਸੁਣਿਆ ਹੈ, ਟੀਵੀ ਦੀ ਇਹ ਬੋਲਡ ਅਦਾਕਾਰਾ ਹੁਣ ਪੰਜਾਬੀ ਸਿਨੇਮਾ ਵੱਲ਼ ਰੁਖ਼ ਕਰ ਰਹੀ ਹੈ, ਅਦਾਕਾਰਾ ਜਲਦ ਹੀ ਇੱਕ ਪੰਜਾਬੀ ਫਿਲਮ 'ਚੰਬੇ ਦੀ ਬੂਟੀ' ਨਾਲ ਆਪਣਾ ਡੈਬਿਊ ਕਰ ਰਹੀ ਹੈ, ਇਸ ਫਿਲਮ ਵਿੱਚ ਅਦਾਕਾਰਾ ਨੇ ਨਾਲ ਨਵ ਬਾਜਵਾ ਅਤੇ ਅਦਾਕਾਰਾ ਨਵਨੀਤ ਕੌਰ ਢਿੱਲੋਂ ਵੀ ਕਿਰਦਾਰ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ।
ਇਸ ਬਾਰੇ ਜਾਣਕਾਰੀ ਖੁਦ ਰਸ਼ਮੀ ਦੇਸਾਈ ਨੇ ਸਾਂਝੀ ਕੀਤੀ ਹੈ, ਅਦਾਕਾਰਾ ਨੇ ਫਿਲਮ ਦੇ ਐਲਾਨ ਪੋਸਟਰ ਨਾਲ ਲਿਖਿਆ ਹੈ ਕਿ 'ਮੈਂ ਆਉਣ ਵਾਲੇ ਸਾਲ ਵਿੱਚ "ਚੰਬੇ ਦੀ ਬੂਟੀ" ਦੀ ਘੋਸ਼ਣਾ ਅਤੇ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ, ਪੰਜਾਬ ਦੇ ਦਿਲ ਦੀ ਧੜਕਣ ਨਵ ਬਾਜਵਾ ਨਾਲ। ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਪਿਆਰੀ ਜੋੜੀ ਬਣਾਵਾਂਗੇ...ਉਸ ਨਾਲ ਕੰਮ ਕਰਨਾ ਸ਼ਾਨਦਾਰ ਅਤੇ ਬਹੁਤ ਮਜ਼ੇਦਾਰ ਹੈ...ਮੈਂ ਇਸ ਪ੍ਰੋਜੈਕਟ ਦੀ ਸ਼ੂਟਿੰਗ ਵਿੱਚ ਬਹੁਤ ਵਧੀਆ ਸਮਾਂ ਬਿਤਾ ਕਰ ਰਹੀ ਹਾਂ, ਜਲਦੀ ਹੀ ਫਿਲਮਾਂ ਵਿੱਚ ਮਿਲਦੇ ਹਾਂ।'
ਰਸ਼ਮੀ ਦੇਸਾਈ ਦਾ ਕਰੀਅਰ: 13 ਫਰਵਰੀ 1986 ਨੂੰ ਆਸਾਮ ਵਿੱਚ ਜਨਮੀ ਰਸ਼ਮੀ ਦੇਸਾਈ ਟੀਵੀ ਦੀ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ ਦਾ ਅਸਲੀ ਨਾਂ ਸ਼ਿਵਾਨੀ ਦੇਸਾਈ ਹੈ। ਰਸ਼ਮੀ ਦੇਸਾਈ ਨੇ ਛੋਟੀ ਉਮਰ ਤੋਂ ਹੀ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਰਸ਼ਮੀ 16 ਸਾਲ ਦੀ ਉਮਰ ਤੋਂ ਹੀ ਫਿਲਮਾਂ 'ਚ ਕੰਮ ਕਰ ਰਹੀ ਹੈ।
ਰਸ਼ਮੀ ਦੇਸਾਈ ਨੇ ਐਕਟਿੰਗ ਅਤੇ ਡਾਂਸ ਰਾਹੀਂ ਟੀਵੀ ਇੰਡਸਟਰੀ 'ਚ ਖਾਸ ਜਗ੍ਹਾ ਬਣਾਈ ਹੈ। ਅਦਾਕਾਰਾ ਦੇ ਨਾਮ 'ਤੇ ਕਈ ਹਿੱਟ ਸ਼ੋਅ ਦਰਜ ਹਨ। ਇੰਨਾ ਹੀ ਨਹੀਂ ਰਸ਼ਮੀ ਭੋਜਪੁਰੀ ਸਿਨੇਮਾ 'ਚ ਵੀ ਕਾਫੀ ਮਸ਼ਹੂਰ ਰਹੀ ਹੈ। ਰਸ਼ਮੀ ਨੇ 2006 'ਚ ਟੀਵੀ ਸ਼ੋਅ 'ਰਾਵਣ' ਨਾਲ ਡੈਬਿਊ ਕੀਤਾ ਸੀ। ਫਿਰ ਕਈ ਸ਼ੋਅਜ਼ 'ਚ ਨਜ਼ਰ ਆਈ ਪਰ ਕਲਰਸ ਦੇ ਸ਼ੋਅ 'ਉਤਰਨ' 'ਚ ਤਪੱਸਿਆ ਦੇ ਕਿਰਦਾਰ ਨਾਲ ਰਸ਼ਮੀ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਦੇ ਨਾਲ ਹੀ ਅਦਾਕਾਰਾ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੇ ਨਾਲ ਸ਼ੋਅ 'ਦਿਲ ਸੇ ਦਿਲ ਤੱਕ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਦਾਕਾਰਾ ਟੀਵੀ ਦਾ ਮਸ਼ਹੂਰ ਸੀਰੀਅਲ 'ਨਾਗਿਨ' ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ। ਅਦਾਕਾਰਾ ਨੂੰ ਇੰਸਟਾਗ੍ਰਾਮ ਉਤੇ 6 ਮਿਲੀਅਨ ਲੋਕ ਪਸੰਦ ਕਰਦੇ ਹਨ।