ਮੁੰਬਈ (ਬਿਊਰੋ): ਭਾਰਤੀ ਸਿਨੇਮਾ 'ਤੇ ਰਿਕਾਰਡ ਤੋੜਨ ਵਾਲੀ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਫਿਲਮ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਸਾਰੇ ਰਿਕਾਰਡ ਤੋੜਨ ਵਾਲੀ ਇਸ ਫਿਲਮ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਅਸਲ 'ਚ ਪਠਾਨ ਨੇ ਕਸ਼ਮੀਰ 'ਚ 32 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 32 ਸਾਲਾਂ ਬਾਅਦ ਕਸ਼ਮੀਰ ਘਾਟੀ ਵਿੱਚ ਸਿਨੇਮਾਘਰਾਂ ਦੇ ਬਾਹਰ ਹਾਊਸਫੁੱਲ ਸਾਈਨ ਬੋਰਡ ਲਗਾਏ ਗਏ ਹਨ।
ਆਈਨੌਕਸ ਲੀਜ਼ਰ ਲਿਮਟਿਡ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਟਵੀਟ ਕੀਤਾ ਹੈ ਜਿਸ 'ਚ ਲਿਖਿਆ ਹੈ 'ਅੱਜ ਦੇਸ਼ ਨੂੰ ਪਠਾਨ ਦੇ ਕ੍ਰੇਜ਼ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਅਸੀਂ ਕਿੰਗ ਖਾਨ ਦੇ ਸ਼ੁਕਰਗੁਜ਼ਾਰ ਹਾਂ ਕਿ 32 ਸਾਲਾਂ ਬਾਅਦ ਉਨ੍ਹਾਂ ਦੀ ਫਿਲਮ ਕਾਰਨ ਸਾਨੂੰ ਕਸ਼ਮੀਰ ਘਾਟੀ ਵਿੱਚ ਸਿਨੇਮਾਘਰਾਂ ਦੇ ਬਾਹਰ ਹਾਊਸਫੁੱਲ ਸਾਈਨ ਬੋਰਡ ਦੇਖਣ ਨੂੰ ਮਿਲਿਆ ਹੈ। ਧੰਨਵਾਦ।'
ਆਈਨੌਕਸ ਨੇ ਟਵਿੱਟਰ 'ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਪਠਾਨ ਦੇ ਪ੍ਰਸ਼ੰਸਕ ਸਿਨੇਮਾਘਰਾਂ ਦੇ ਬਾਹਰ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਆਈਨੋਕਸ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ 'ਪਠਾਨ ਦਾ ਕ੍ਰੇਜ਼ ਜ਼ਬਰਦਸਤ ਹੈ। ਇਸ ਨੂੰ ਹਿੰਦੀ ਫਿਲਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸ਼ੁਰੂਆਤੀ ਦਿਨ ਬਣਾਉਣ ਲਈ ਭਾਰਤ ਦੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ। ਜਸ਼ਨ ਮਨਾਉਂਦੇ ਰਹੋ। ਦੱਸ ਦੇਈਏ ਕਿ ਕਸ਼ਮੀਰ 'ਚ 'ਪਠਾਨ' ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਫਿਲਮ ਨੇ ਓਪਨਿੰਗ 'ਤੇ 54 ਕਰੋੜ ਦੀ ਕਮਾਈ ਕੀਤੀ ਸੀ।
ਪਿਛਲੇ ਸਾਲ (2022 ਵਿੱਚ) 32 ਸਾਲਾਂ ਬਾਅਦ, ਕਸ਼ਮੀਰ ਵਿੱਚ ਦਰਸ਼ਕਾਂ ਲਈ ਸਿਨੇਮਾਘਰਾਂ ਦੇ ਦਰਵਾਜ਼ੇ ਮੁੜ ਖੋਲ੍ਹੇ ਗਏ ਸਨ। ਦੱਸ ਦੇਈਏ ਕਿ 1990 'ਚ ਵਧਦੇ ਅੱਤਵਾਦ ਅਤੇ ਹਮਲਿਆਂ ਕਾਰਨ ਕਸ਼ਮੀਰ 'ਚ ਸਿਨੇਮਾਘਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ 1990 ਤੋਂ ਬਾਅਦ ਇੱਥੇ ਸਿਨੇਮਾਘਰਾਂ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਗ੍ਰੇਨੇਡ ਹਮਲਿਆਂ ਵਰਗੀਆਂ ਘਟਨਾਵਾਂ ਨੇ ਇਸ ਕੋਸ਼ਿਸ਼ 'ਤੇ ਪਾਣੀ ਫੇਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 1980 ਦੇ ਦਹਾਕੇ ਦੇ ਅੰਤ ਤੱਕ ਕਸ਼ਮੀਰ ਵਿੱਚ ਲਗਭਗ 15 ਥੀਏਟਰ ਸਨ।
23 ਸਾਲਾਂ ਤੋਂ ਅਬਦੁੱਲਾ ਸਰਕਾਰ ਨੇ ਸਿਨੇਮਾਘਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ: 23 ਸਾਲ ਪਹਿਲਾਂ 1999 'ਚ ਜੰਮੂ-ਕਸ਼ਮੀਰ 'ਚ ਅਬਦੁੱਲਾ ਸਰਕਾਰ ਨੇ ਸਿਨੇਮਾਘਰਾਂ ਦੇ ਦਰਵਾਜ਼ੇ ਮੁੜ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ ਪਰ ਰੀਗਲ ਸਿਨੇਮਾ 'ਚ ਪਹਿਲੇ ਸ਼ੋਅ ਦੌਰਾਨ ਅੱਤਵਾਦੀ ਹਮਲਾ ਹੋ ਗਿਆ ਸੀ। ਜਿਸ 'ਚ 12 ਲੋਕ ਜ਼ਖਮੀ ਹੋ ਗਏ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਹਮਲੇ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ। 18 ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਜਪਾ-ਪੀਡੀਪੀ ਸਰਕਾਰ ਨੇ 2017 ਵਿੱਚ ਇੱਕ ਵਾਰ ਫਿਰ ਕੋਸ਼ਿਸ਼ ਕੀਤੀ, ਪਰ ਘਾਟੀ ਵਿੱਚ ਅਤਿਵਾਦੀਆਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਹਾਲਾਂਕਿ, ਸਾਰੇ ਵਿਰੋਧਾਂ ਦੇ ਬਾਵਜੂਦ, ਸਰਕਾਰ 2022 ਵਿੱਚ ਕਸ਼ਮੀਰ ਵਿੱਚ ਸਿਨੇਮਾਘਰਾਂ ਦੇ ਬੰਦ ਦਰਵਾਜ਼ੇ ਦੁਬਾਰਾ ਖੋਲ੍ਹਣ ਵਿੱਚ ਕਾਮਯਾਬ ਰਹੀ। ਦੱਸ ਦੇਈਏ ਕਿ 'ਸ਼ੋਲੇ' ਆਖਰੀ ਫਿਲਮ ਸੀ, ਜੋ 32 ਸਾਲ ਪਹਿਲਾਂ ਸ਼੍ਰੀਨਗਰ ਦੇ ਇੱਕ ਸਿਨੇਮਾ ਹਾਲ ਵਿੱਚ ਦਿਖਾਈ ਗਈ ਸੀ।
ਇਹ ਵੀ ਪੜ੍ਹੋ:Anurag Kashyap on Pathaan : 'ਪਠਾਨ' ਦੇਖਣ ਤੋਂ ਬਾਅਦ ਕੀ ਬੋਲੇ ਅਨੁਰਾਗ ਕਸ਼ਯਪ, ਇਥੇ ਜਾਣੋ