ਚੰਡੀਗੜ੍ਹ:ਹਿੰਦੀ ਸਿਨੇਮਾ ਦੇ ਨਾਮਵਰ ਨਿਰਮਾਤਾ-ਨਿਰਦੇਸ਼ਕ ਰਾਜੀਵ ਚੌਧਰੀ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ‘ਅਵੰਤੀ ਪਰਾਜਕਤਾ ਆਰਟਸ’ ਦੇ ਬੈਨਰ ਹੇਠ ਬਣਾਈ ਜਾ ਰਹੀ ਹਿੰਦੀ ਫ਼ਿਲਮ 'ਰੈੱਡ' ਰਿਲੀਜ਼ ਲਈ ਤਿਆਰ ਹੈ, ਜਿਸ ਵਿਚ ਕ੍ਰਿਸ਼ਨਾ ਅਭਿਸ਼ੇਕ ਅਤੇ ਪਾਇਲ ਘੋਸ਼ ਦੀ ਜੋੜ੍ਹੀ ਲੀਡ ਭੂਮਿਕਾਵਾਂ ਵਿਚ ਨਜ਼ਰ ਆਵੇਗੀ। ਮੁੰਬਈ ਦੇ ਐਸ.ਜੇ ਸਟੂਡਿਓ ਅਤੇ ਗੋਆ ਆਦਿ ਵਿਖੇ ਫ਼ਿਲਮਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਅਸ਼ੋਕ ਤਿਆਗੀ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਮਾਤਾਵਾਂ ਵਿਚ ਸੁਰਿੰਦਰਾ ਜਗਤਾਪ, ਜਗਨਨਾਥ ਵਾਘਮਾਰੇ, ਸ਼ਾਤਨੂੰ ਬਾਮਰੇ ਅਤੇ ਸਟਾਰ ਕਾਸਟ ਵਿਚ ਅਭੀਜੀਤ ਸਾਵੰਤ ਚੰਦਰਾ, ਸ਼ਕਤੀ ਕਪੂਰ, ਕੰਚਨ, ਰਾਜੀਵ ਸਿੰਘ ਆਦਿ ਸ਼ਾਮਿਲ ਹਨ।
ਹਾਲੀਆਂ ਸਮੇਂ ਸੰਨੀ ਲਿਓਨ, ਰਜਨੀਸ਼ ਦੁੱਗਲ ਸਟਾਰਰ ‘ਬੇਈਮਾਨ ਲਵ’ ਦਾ ਨਿਰਦੇਸ਼ਨ ਕਰ ਚੁੱਕੇ ਨਿਰਮਾਤਾ ਰਾਜੀਵ ਦੱਸਦੇ ਹਨ ਕਿ ਫ਼ਿਲਮ ਦੀ ਕਹਾਣੀ ਇਕ ਸਾਈਕੋ ਕਿਲਰ ਦੁਆਲੇ ਘੁੰਮਦੀ ਹੈ, ਜਿਸ ਤੋਂ ਇਲਾਵਾ ਥ੍ਰਿਲਰ ਅਤੇ ਡਰਾਮਾ ਵੀ ਇਸ ਫ਼ਿਲਮ ਵਿਚ ਵੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ 'ਦਿ ਕਪਿਲ ਸ਼ਰਮਾ ਸ਼ੌਅ', 'ਬਿੱਗ ਬੌਸ 16' ਅਤੇ ਹੋਰ ਕਈ ਰਿਅਲਟੀ ਸ਼ੋਅਜ਼ ਅਤੇ ਫਿਲਮਾਂ ਨਾਲ ਜੁੜੇ ਰਹੇ ਕ੍ਰਿਸ਼ਨਾਂ ਇਸ ਫ਼ਿਲਮ ਵਿਚ ਇਕ ਬਿਲਕੁਲ ਅਲੱਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ। ਉਨ੍ਹਾਂ ਅਨੁਸਾਰ ‘ਅਵੰਤੀ ਫ਼ਿਲਮਜ਼’ ਆਪਣੇ ਹਰ ਪ੍ਰੋਜੈਕਟ ਵਿਚ ਕੁਝ ਨਾ ਕੁਝ ਵੱਖਰਾ ਦਰਸ਼ਕਾਂ ਸਾਹਮਣੇ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ ਅਤੇ ਉਮੀਦ ਹੈ ਕਿ ਇਹ ਫ਼ਿਲਮ ਵੀ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ 'ਤੇ ਪੂਰੀ ਖਰੀ ਉਤਰੇਗੀ।