ਚੰਡੀਗੜ੍ਹ: ਪੁਰਾਤਨ ਪੰਜਾਬ ਦੇ ਅਸਲ ਰੰਗਾਂ ਦੀ ਬਾਤ ਪਾਉਂਦੀ ਗਾਇਕੀ ਨੂੰ ਹੁਲਾਰਾ ਦੇਣ ਵਿਚ ਸਾਲਾਂ ਤੋਂ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਮਾਨ ਭਰਾ ਹਰਭਜਨ ਮਾਨ ਅਤੇ ਗੁਰਸੇਵਕ ਮਾਨ, ਜੋ ਲੰਮੇਰ੍ਹੇ ਸਮੇਂ ਬਾਅਦ ਫਿਰ ਇਕੱਠੇ ਰੰਗਲੇ ਵੇਲਿਆਂ ਦੀ ਨਜ਼ਰਸਾਨੀ ਕਰਵਾਉਂਦੇ ਅਤੇ ਪੰਜਾਬੀ ਵੰਨਗੀਆਂ ਦੇ ਰੰਗ ਬਿਖੇਰਦੇ ਨਜ਼ਰ ਆਉਣਗੇ।
ਕਿਉਂਕਿ ਉਹ ਆਪਣੇ ਨਵੇਂ ਟੂਰ ‘ਸਤਰੰਗੀ ਪੀਂਘ’ ਅਧੀਨ ਕੈਨੇਡਾ ਪੁੱਜ ਗਏ ਹਨ। ਪੰਜਾਬੀ ਗਾਇਕੀ ਦੀਆਂ ਬਾਬਾ ਬੋਹੜ੍ਹ ਹਸਤੀਆਂ ਵਜੋਂ ਜਾਣੇ ਜਾਂਦੇ ਰਹੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਸੰਗਤ ਮਾਨਣ ਵਾਲੇ ਮਾਨ ਭਰਾਵਾਂ ਵੱਲੋਂ ਸ਼ੁਰੂਆਤੀ ਸਫ਼ਰ ਦੌਰਾਨ ਚੰਗੇ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ ਗਏ ਹਨ, ਜਿੰਨ੍ਹਾਂ ਨਾਲ ਅੱਜ ਸਾਲਾਂ ਬਾਅਦ ਵੀ ਸਰੋਤਿਆਂ ਦੀ ਭਾਵਪੂਰਨ ਸਾਂਝ ਲਗਾਤਾਰ ਬਣੀ ਹੋਈ ਹੈ।
ਹਰਭਜਨ ਮਾਨ ਅਤੇ ਗੁਰਸੇਵਕ ਮਾਨ ਉਕਤ ਟੂਰ ਅਧੀਨ ਵਿਦੇਸ਼ ਵਸਦੇ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੀ ਵਤਨੀ ਯਾਦ ਪਵਾਉਣ ਜਾ ਰਹੇ ਮਾਨ ਭਰਾਵਾਂ ਦੇ ਆਯੋਜਿਤ ਹੋ ਜਾ ਰਹੇ ਸੋਅਜ਼ ਅਨੁਸਾਰ 6 ਮਈ ਨੂੰ ਐਬਸਫ਼ੋਰਡ ਸੈਂਟਰ ਬੀ.ਸੀ, 7 ਮਈ ਨੂੰ ਕੋਲੋਵਨਾ, 13 ਮਈ ਨੂੰ ਕੈਲਗਰੀ, 20 ਮਈ ਨੂੰ ਟਰਾਂਟੋ ਦੇ ਬਰੈਮਟਮ ਸੀ.ਏ.ਏ ਸੈਂਟਰ ਵਿਖੇ ਇਹ ਵੱਡੇ ਲਾਈਵ ਕੰਨਸਰਟ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇੰਨ੍ਹਾਂ ਲਾਈਵ ਕੰਨਸਰਟ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਮਾਨ ਭਰਾਵਾਂ ਅਨੁਸਾਰ ਆਪਣੇ ਹੁਣ ਤੱਕ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਆਪਣੀ ਗਾਇਕੀ ਨਾਲ ਸਮਝੌਤਾ ਕਦੇ ਨਹੀਂ ਕੀਤਾ ਅਤੇ ਇਹੀ ਕਾਰਨ ਹੈ ਕਿ ਦਹਾਕਿਆਂ ਬਾਅਦ ਵੀ ਸਰੋਤਿਆਂ, ਦਰਸ਼ਕਾਂ ਦੀ ਉਨ੍ਹਾਂ ਦਾ ਗਾਇਕੀ ਪ੍ਰਤੀ ਪਿਆਰ ਸਨੇਹ ਪਹਿਲਾਂ ਦੀ ਤਰ੍ਹਾਂ ਬਣਿਆ ਹੋਇਆ ਹੈ।
ਹਰਭਜਨ ਮਾਨ ਅਤੇ ਗੁਰਸੇਵਕ ਮਾਨ ਉਨ੍ਹਾਂ ਕਿਹਾ ਕਿ ਉਕਤ ਸੋਅਜ਼ ਲੜ੍ਹੀ ਦੌਰਾਨ ਅਤੀਤ ਦਾ ਹਿੱਸਾ ਬਣਦੇ ਜਾ ਰਹੇ ਅਸਲ ਪੰਜਾਬ ਦੀਆਂ ਪੁਰਾਤਨ ਵੰਨਗੀਆਂ ਨੂੰ ਫਿਰ ਜੀਵੰਤ ਕੀਤਾ ਜਾਵੇਗਾ ਤਾਂ ਕਿ ਆਪਣਾ ਵਿਰਸਾ ਅਤੇ ਕਦਰਾਂ-ਕੀਮਤਾਂ ਭੁੱਲਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਫਿਰ ਆਪਣੀਆਂ ਅਸਲ ਜੜ੍ਹਾਂ ਨਾਲ ਜੋੜਿਆ ਜਾ ਸਕੇ।
ਹਰਭਜਨ ਮਾਨ ਅਤੇ ਗੁਰਸੇਵਕ ਮਾਨ ਜੇਕਰ ਮਾਨ ਭਰਾਵਾਂ ਵੱਲੋਂ ਇਕੱਠਿਆਂ ਗਾਏ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ‘ਨੀਵੀਂ ਧੌਣ ਕਸੀਦਾ ਕੱਢਦੀ’, ‘ਵੇਖੀ ਦਿਲ ਲਾ ਨਾ ਬੈਠੀ’, ‘ਮੌਤ ਦੇ ਰੰਗ’, ‘ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ’, ‘ਯਾਰ ਗੁਆਚੇ ਨਹੀਂ ਲੱਭਦੇ’, ‘ਪਰਛਾਵੇਂ’, ‘ਚਹੁ ਕੁ ਦਿਨਾਂ ਦਾ ਮੇਲਾ’, ‘ਜਿੰਦੜ੍ਹੀਏ ਟੁੱਟੀਆਂ ਵੰਗਾਂ ਦੇ ਟੋਟੇ’, ‘ਰੇਸ਼ਮੀ ਲਹਿੰਗੇ’, ‘ਬੂਟਾ ਮਹਿੰਦੀ ਦਾ’, ‘ਮਿਰਜ਼ਾ’, ‘ਯਾਦਾਂ ਰਹਿ ਜਾਣੀਆਂ’, ‘ਫੁਲਕਾਰੀ’, ‘ਕਹਿ ਦਿਓ ਮੇਰੇ ਰਾਜੇ ਬਾਪ’ ਨੂੰ ਆਦਿ ਸ਼ਾਮਿਲ ਰਹੇ ਹਨ।
ਦੇਸ਼, ਵਿਦੇਸ਼ ਦੇ ਸਰੋਤਿਆਂ ਦੇ ਮਨ੍ਹਾਂ ਵਿਚ ਗਹਿਰੀ ਛਾਪ ਬਣਾ ਚੁੱਕੇ ਮਾਨ ਭਰਾਵਾਂ ਦੇ ਇਕੱਠਿਆਂ ਬਣੇ ਰਹੇ ਗਾਇਕੀ ਖਲਾਅ ਸੰਬੰਧੀ ਹਰਭਜਨ ਦੱਸਦੇ ਹਨ ਕਿ ਗੁਰਸੇਵਕ ਦਾ ਪਾਈਲਟ ਬਣ ਜਾਣਾ ਅਤੇ ਆਪਣੀ ਇਕ ਰੁਝੇਵਿਆਂ ਭਰਪੂਰ ਜਿੰਦਗੀ ਵਿਚ ਅਤਿ ਮਸ਼ਰੂਫ ਹੋ ਜਾਣ ਕਾਰਨ ਉਨ੍ਹਾਂ ਦੀ ਇਕੱਠਿਆਂ ਗਾਇਕੀ ’ਚ ਕਾਫ਼ੀ ਸਮਾਂ ਠਹਿਰਾਅ ਬਣਿਆ ਰਿਹਾ, ਜਿਸ ਸੰਬੰਧੀ ਬਣੇ ਖ਼ਲਾਅ ਨੂੰ ਹੁਣ ਲਗਾਤਾਰ ਸੋਅਜ਼ ਕਰਕੇ ਪੂਰਾ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:White Hill Studios: ਵ੍ਹਾਈਟ ਹਿੱਲ ਸਟੂਡੀਓਜ਼ ਨੇ ਆਪਣੀ ਪਹਿਲੀ ਪੰਜਾਬੀ ਵੈੱਬ ਸੀਰੀਜ਼ ਦਾ ਕੀਤਾ ਐਲਾਨ, ਇਹ ਕਲਾਕਾਰ ਨਿਭਾਉਣਗੇ ਕਿਰਦਾਰ