ਚੰਡੀਗੜ੍ਹ:ਜਦੋਂ ਪੰਜਾਬੀ ਕਾਮੇਡੀ ਫਿਲਮਾਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਦੀ ਯਾਦ ਆਉਂਦੀ ਹੈ, ਇਹ ਪਾਲੀਵੁੱਡ ਦੀ ਅਜਿਹੀ ਤਿੱਕੜੀ ਹੈ, ਜਿਸ ਨੇ ਇੱਕਠੇ ਕਈ ਪੰਜਾਬੀ ਫਿਲਮਾਂ ਪਾਲੀਵੁੱਡ ਨੂੰ ਦਿੱਤੀਆਂ ਹਨ। ਇਹ ਤਿੱਕੜੀ ਇੰਨੀ ਦਿਨੀਂ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਚਰਚਾ ਵਿੱਚ ਹੈ।
'ਮੌਜਾਂ ਹੀ ਮੌਜਾਂ' ਇਸ ਮਹੀਨੇ ਦੀ 20 ਤਾਰੀਖ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਤੋਂ ਪਹਿਲਾਂ ਇਸ ਤਿੱਕੜੀ ਨੇ ਇਸ ਸਾਲ 'ਕੈਰੀ ਆਨ ਜੱਟਾ 3' ਦਿੱਤੀ ਸੀ, 'ਕੈਰੀ ਆਨ ਜੱਟਾ 3' ਨੇ ਪੂਰੀ ਦੁਨੀਆਂ ਤੋਂ ਵਾਹ-ਵਾਹ ਖੱਟੀ ਸੀ। ਆਓ ਹੁਣ ਇਸ ਤਿੱਕੜੀ ਦੀਆਂ ਪਹਿਲਾਂ ਕੀਤੀਆਂ ਫਿਲਮਾਂ ਬਾਰੇ ਸਰਸਰੀ ਨਜ਼ਰ ਮਾਰੀਏ...।
ਜਿਹਨੇ ਮੇਰਾ ਦਿਲ ਲੁੱਟਿਆ: 'ਜਿਹਨੇ ਮੇਰਾ ਦਿਲ ਲੁੱਟਿਆ' ਫਿਲਮ 29 ਜੁਲਾਈ 2011 ਵਿੱਚ ਰਿਲੀਜ਼ ਹੋਈ ਸੀ, ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਕੁਮਾਰ ਵੱਲੋ ਕੀਤਾ ਗਿਆ ਸੀ। ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਤੋਂ ਇਲਾਵਾ ਇਸ ਫਿਲਮ ਵਿੱਚ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਵੀ ਸਨ। ਫਿਲਮ ਵਿੱਚ ਗਿੱਪੀ ਗਰੇਵਾਲ ਨੇ ਯੁਵਰਾਜ ਰੰਧਾਵਾ, ਕਰਮਜੀਤ ਅਨਮੋਲ ਨੇ ਕਰਮਾ ਅਤੇ ਬਿਨੂੰ ਢਿਲੋਂ ਨੇ ਕਰਨਵੀਰ ਨਾਂ ਦੇ ਕਿਰਦਾਰ ਨਿਭਾਏ ਸਨ।
ਕੈਰੀ ਆਨ ਜੱਟਾ: 'ਕੈਰੀ ਆਨ ਜੱਟਾ' 27 ਜੁਲਾਈ 2012 ਵਿੱਚ ਰਿਲੀਜ਼ ਹੋਈ ਸੀ, ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਸੀ। ਫਿਲਮ ਵਿੱਚ ਗਿੱਪੀ, ਬਿਨੂੰ ਅਤੇ ਕਰਮਜੀਤ ਅਨਮੋਲ ਕ੍ਰਮਵਾਰ ਜੱਸ, ਗੋਲਡੀ ਅਤੇ ਤਾਜੀ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਫਿਲਮ ਨੇ ਉਸ ਸਮੇਂ ਲਗਭਗ 10 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਲੱਕੀ ਦੀ ਅਨਲੱਕੀ ਸਟੋਰੀ: ਇਸ ਤਿੱਕੜੀ ਦੀ ਇਹ ਫਿਲਮ 26 ਅਪ੍ਰੈਲ 2013 ਵਿੱਚ ਰਿਲੀਜ਼ ਹੋਈ ਸੀ, ਇਸ ਫਿਲਮ ਦਾ ਨਿਰਦੇਸ਼ਨ ਵੀ ਸਮੀਪ ਕੰਗ ਦੁਆਰਾ ਹੀ ਕੀਤਾ ਗਿਆ ਸੀ। ਇਸ ਫਿਲਮ ਦੇ ਗੀਤ ਅੱਜ ਵੀ ਵਿਆਹਾਂ-ਸ਼ਾਦੀਆਂ ਵਿੱਚ ਵਜਾਏ ਜਾਂਦੇ ਹਨ। ਇਸ ਕਾਮੇਡੀ ਫਿਲਮ ਵਿੱਚ ਗਿੱਪੀ ਗਰੇਵਾਲ ਨੇ ਲੱਕੀ, ਬਿਨੂੰ ਢਿੱਲੋਂ ਨੇ ਡਿੰਮੀ ਅਤੇ ਕਮਜੀਤ ਅਨਮੋਲ ਨੇ ਡਿੰਪੀ ਦੇ ਜੀਜੇ ਦਾ ਕਿਰਦਾਰ ਨਿਭਾਇਆ ਸੀ।