ਪੰਜਾਬ

punjab

ETV Bharat / entertainment

Baapu Da kalakaar First Look: ਪੰਜਾਬੀ ਫਿਲਮ 'ਬਾਪੂ ਦਾ ਕਲਾਕਾਰ' ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਫਿਲਮ ਇਸ ਦਿਨ ਸਿਨੇਮਾਘਰਾਂ ਵਿੱਚ ਦੇਵੇਗੀ ਦਸਤਕ - Punjabi movie Baapu Da kalakaar

Baapu Da kalakaar: ਆਉਣ ਵਾਲੀ ਪੰਜਾਬੀ ਫਿਲਮ 'ਬਾਪੂ ਦਾ ਕਲਾਕਾਰ' ਦਾ ਪਹਿਲਾਂ ਲੁੱਕ ਸਾਹਮਣੇ ਆ ਗਿਆ ਹੈ। ਫਿਲਮ ਇਸ ਸਾਲ ਦਸੰਬਰ ਵਿੱਚ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

Punjabi movie
Baapu Da kalakaar First Look

By ETV Bharat Punjabi Team

Published : Oct 14, 2023, 1:22 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਕਾਮੇਡੀ ਫਿਲਮਾਂ ਵਿੱਚ ਆਪਣਾ ਨਾਂ ਦਰਜ ਕਰਵਾਉਂਦੀ 'ਬਾਪੂ ਦਾ ਕਲਾਕਾਰ' ਦਾ ਪਲੇਠਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਲਘੂ ਫਿਲਮਾਂ ਦੇ ਖੇਤਰ ਵਿੱਚ ਚੋਖ਼ਾ ਨਾਮਣਾ ਖੱਟ ਰਹੇ ਨਿਰਦੇਸ਼ਕ ਪ੍ਰਵੀਨ ਮਹਿਰਾ ਵੱਲੋਂ ਕੀਤਾ ਗਿਆ ਹੈ।

ਬਹੁਤ ਹੀ ਦਿਲ-ਟੁੰਬਵੇਂ ਅਤੇ ਅਰਥ-ਭਰਪੂਰ ਵਿਸ਼ੇ ਅਧੀਨ ਬਣਾਈ ਗਈ ਇਸ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪ੍ਰਵੀਨ ਮਹਿਰਾ ਨੇ ਦੱਸਿਆ ਕਿ ਬੇਹੱਦ ਸਧਾਰਨ ਪਰਿਵਾਰ ਅਤੇ ਪੇਂਡੂ ਪਿਛੋਕੜ ਵਾਲੀ ਇਮੋਸ਼ਨਲ ਅਤੇ ਭਾਵਨਾਤਮਕ ਕਹਾਣੀ-ਸਾਰ ਦੁਆਲੇ ਬੁਣੀ ਗਈ ਹੈ ਇਹ ਫਿਲਮ, ਜਿਸ ਵਿੱਚ ਇੱਕ ਦੇਸੀ ਨੌਜਵਾਨ ਦੇ ਕਲਾ ਖੇਤਰ ਵਿੱਚ ਕੁਝ ਕਰ ਗੁਜ਼ਰਨ ਦੇ ਵਲਵਲਿਆਂ ਨੂੰ ਬਹੁਤ ਪ੍ਰਭਾਵੀ ਢੰਗ ਨਾਲ ਬਿਆਨ ਕੀਤਾ ਗਿਆ ਹੈ।

ਉਹਨਾਂ ਅੱਗੇ ਦੱਸਿਆ ਕਿ 'ਯੁਵਮ ਫਿਲਮ ਪ੍ਰੋਡਕਸ਼ਨ' ਦੇ ਬੈਨਰ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਅਤੇ ਥਿਏਟਰ ਨਾਲ ਜੁੜੇ ਕਈ ਨਾਮਵਰ ਕਲਾਕਾਰ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿਨਾਂ ਵਿੱਚ ਮਲਕੀਤ ਰੋਣੀ ਤੋਂ ਇਲਾਵਾ ਏਕਤਾ ਨਾਗਪਲ, ਹਰਮਿੰਦਰ ਬਿਲਖੂ, ਹਨੀ ਵਾਲੀਆ, ਮਨ ਕੌਰ, ਅਵਤਾਰ ਵਰਮਾ, ਜਸਜੋਤ ਗਿੱਲ, ਵਿਜੇ ਸੇਠੀ, ਕਾਮੇਡੀਅਨ ਲੱਕੀ, ਬਲਜੀਤ ਮਾਹਲਾ, ਜੋਲੀ ਵਰਮਾ ਆਦਿ ਸ਼ਾਮਿਲ ਹਨ।

ਪੰਜਾਬੀ ਫਿਲਮ 'ਬਾਪੂ ਦਾ ਕਲਾਕਾਰ' ਦਾ ਪਹਿਲਾਂ ਪੋਸਟਰ

ਉਨ੍ਹਾਂ ਦੱਸਿਆ ਕਿ 15 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਲੀਡ ਭੂਮਿਕਾ ਉਹ ਖੁਦ ਅਦਾ ਕਰ ਰਹੇ ਹਨ, ਜਦ ਕਿ ਇਸ ਦੀ ਕਹਾਣੀ ਅਤੇ ਸੰਗੀਤ ਵੀ ਉਨ੍ਹਾਂ ਦਾ ਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ 'ਵਾਈਟ ਹਿੱਲ ਫਿਲਮਜ ਸਟੂਡੀਓਜ਼' ਵੱਲੋਂ ਦੇਸ਼-ਵਿਦੇਸ਼ ਵਿੱਚ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਨੂੰ ਤਕਨੀਕੀ ਪੱਖੋਂ ਵੀ ਉਮਦਾ ਰੂਪ ਦਿੱਤਾ ਗਿਆ ਹੈ, ਜੋ ਇਸ ਫਿਲਮ ਹਰ ਨੂੰ ਹਰ ਪੱਖੋਂ ਬੇਹਤਰੀਨਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

ਮੂਲ ਰੂਪ ਵਿੱਚ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਨਾਲ ਸੰਬੰਧਤ ਇਸ ਹੋਣਹਾਰ ਨਿਰਦੇਸ਼ਕ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਕਈ ਲਘੂ ਫਿਲਮਾਂ ਸਿਨੇਮਾ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਲ ਕਰਨ ਵਿੱਚ ਸਫਲ ਰਹੀਆਂ ਹਨ, ਜਿਸ ਵਿੱਚ 'ਰੱਖੜੀ', 'ਤੈਨੂੰ ਨਾ ਖਬਰ' ਆਦਿ ਸ਼ੁਮਾਰ ਰਹੀਆਂ ਹਨ।

ਉਨ੍ਹਾਂ ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆ ਦੱਸਿਆ ਕਿ ਉਹਨਾਂ ਦੀ ਇੱਕ ਹੋਰ ਲਘੂ ਫਿਲਮ 'ਸਿੱਧਾ' ਵੀ ਰਿਲੀਜ਼ ਲਈ ਤਿਆਰ ਹੈ, ਜਿਸ ਵਿੱਚ ਮਹਾਵੀਰ ਭੁੱਲਰ ਸਮੇਤ ਹੋਰ ਕਈ ਮੰਨੇ ਪ੍ਰਮੰਨੇ ਐਕਟਰਜ਼ ਲੀਡ ਰੋਲਜ਼ ਵਿੱਚ ਨਜ਼ਰ ਆਉਣਗੇ।

ABOUT THE AUTHOR

...view details