ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਤੋਂ ਬੁਰੀ ਖ਼ਬਰ ਸੁਣਨ ਨੂੰ ਆ ਰਹੀ ਹੈ, ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ (Daljit Kaur passed away) ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਦਲਜੀਤ ਕੌਰ ਨੇ ਕਦੇ ਪੰਜਾਬੀ ਫਿਲਮ ਇੰਡਸਟਰੀ 'ਤੇ ਰਾਜ ਕੀਤਾ ਸੀ। ਉਸਨੇ ਬਹੁਤ ਸਾਰੀਆਂ ਹਿੱਟ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। 69 ਸਾਲਾਂ ਦਲਜੀਤ ਕੌਰ ਲੰਬੇ ਸਮੇਂ ਤੋਂ ਬਿਮਾਰ ਸਨ।
ਫਿਲਮੀ ਸਫ਼ਰ:ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਅਤੇ 70 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਦਲਜੀਤ ਕੌਰ ਨੇ ਦਿੱਲੀ ਤੋਂ ਇੱਕ ਲੇਡੀ ਸ਼੍ਰੀ ਰਾਮ ਕਾਲਜ ਦੀ ਗ੍ਰੈਜੂਏਟ ਅਤੇ ਪੂਨੇ ਫਿਲਮ ਇੰਸਟੀਚਿਊਟ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਪਹਿਲੀ ਫਿਲਮ ਦਾਜ 1976 ਵਿੱਚ ਰਿਲੀਜ਼ ਹੋਈ ਸੀ।
ਅਦਾਕਾਰਾ ਨੇ ਸੁਪਰਹਿੱਟ ਪੰਜਾਬੀ ਫਿਲਮਾਂ ਪੁੱਤ ਜੱਟਾਂ ਦੇ, ਮਾਮਲਾ ਗੜਬੜ ਹੈ, ਕੀ ਬਣੂੰ ਦੁਨੀਆਂ ਦਾ, ਸਰਪੰਚ ਅਤੇ ਪਟੋਲਾ ਵਿੱਚ ਹੀਰੋਇਨ ਦੀ ਮੁੱਖ ਭੂਮਿਕਾ ਨਿਭਾਈ। ਆਪਣੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਉਸਨੇ ਫਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ। 2001 ਵਿੱਚ ਉਸਨੇ ਫਿਲਮੀ ਦੁਨੀਆਂ ਵਿੱਚ ਦੁਬਾਰਾ ਪ੍ਰਵੇਸ਼ ਕੀਤਾ ਅਤੇ ਆਪਣੀ ਉਮਰ ਦੇ ਅਨੁਸਾਰ ਮਾਂ ਅਤੇ ਹੋਰ ਭੂਮਿਕਾਵਾਂ ਵਿੱਚ ਨਜ਼ਰ ਆਈ। ਉਸਨੇ ਪੰਜਾਬੀ ਫਿਲਮ ਸਿੰਘ ਬਨਾਮ ਕੌਰ ਵਿੱਚ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।