ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਕਮਰਸ਼ਿਅਲ ਗਾਇਕੀ ਦਾ ਸਿਖਰ ਪੈਂਡਾ ਹੰਢਾ ਰਹੇ ਹਨ ਦਿਲਜੀਤ ਦੁਸਾਂਝ, ਜੋ ਆਪਣੀ ਸੁਰੀਲੀ ਆਵਾਜ਼ ਨਾਲ ਸਜੇ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਕਰਨ ਵਿੱਚ ਵੀ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ, ਜਿਸ ਸੰਬੰਧੀ ਜਾਰੀ ਇਨ੍ਹਾਂ ਮਾਣਮੱਤੀਆਂ ਕੋਸ਼ਿਸ਼ਾਂ ਦੀ ਲੜੀ ਵਜੋਂ ਹੀ ਸਾਹਮਣੇ ਆਇਆ ਹੈ ਉਨਾਂ ਦਾ ਇਹ ਨਵਾਂ ਧਾਰਮਿਕ ਗਾਣਾ 'ਰੂਹ ਵੈਰਾਗਣ', ਜਿਸ ਨੂੰ ਅੱਜ ਰਿਲੀਜ਼ ਹੁੰਦਿਆਂ ਹੀ ਸੰਗੀਤ ਪ੍ਰੇਮੀਆਂ ਦਾ ਚੁਫੇਰਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦਿਲਜੀਤ ਦੁਸਾਂਝ ਵੱਲੋਂ ਆਪਣੇ ਨਿੱਜੀ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਕੀਤੇ ਗਏ ਇਸ ਧਾਰਮਿਕ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਹਰਮਨਜੀਤ ਸਿੰਘ ਦੀ ਹੈ, ਜਦਕਿ ਇਸ ਦਾ ਮਨ ਨੂੰ ਮੋਹ ਲੈਣ ਵਾਲਾ ਅਤੇ ਰੂਹਾਨੀਅਤ ਰੰਗਾਂ ਵਿੱਚ ਰੰਗਿਆ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ, ਜੋ ਇਸ ਤੋਂ ਪਹਿਲਾਂ ਵੀ ਇਸ ਹੋਣਹਾਰ ਗਾਇਕ ਨਾਲ ਕਈ ਸ਼ਾਨਦਾਰ ਅਤੇ ਆਪਾਰ ਮਕਬੂਲ ਰਹੇ ਗਾਣਿਆਂ ਦੇ ਸੰਗੀਤਕ ਸੁਮੇਲ ਨੂੰ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 27 ਨਵੰਬਰ ਨੂੰ ਦੁਨੀਆਂ ਭਰ ਵਿੱਚ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਗਏ ਇਸ ਧਾਰਮਿਕ ਗੀਤ ਨੂੰ ਪ੍ਰਭਾਵੀ ਵੀ ਸੰਗੀਤਕ ਮੁਹਾਂਦਰਾ ਦੇਣ ਵਿੱਚ ਹਾਲ ਹੀ ਵਿੱਚ 'ਮਸਤਾਨੇ' ਜਿਹੀ ਮਾਣਮੱਤੀ ਪੰਜਾਬੀ ਫਿਲਮ ਨਿਰਦੇਸ਼ਿਤ ਕਰਨ ਵਾਲੇ ਸ਼ਰਨ ਆਰਟ ਤੋਂ ਇਲਾਵਾ ਅਯੂਰੇ ਵਾਕਸ, ਅੰਮ੍ਰਿਤ ਕੌਰ, ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪਲਹੇੜੀ ਵੱਲੋ ਅਹਿਮ ਯੋਗਦਾਨ ਦਿੱਤਾ ਗਿਆ ਹੈ। ਇਸ ਗੀਤ ਨੂੰ ਹੁਣ ਤੱਕ 30528 ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।
ਉਕਤ ਸੰਗੀਤਕ ਟੀਮ ਅਨੁਸਾਰ ਦਿਲਜੀਤ ਆਪਣੇ ਸਿਨੇਮਾ ਅਤੇ ਗਾਇਕੀ ਕਰੀਅਰ ਵਿੱਚ ਭਾਵੇਂ ਕਿੰਨੇ ਵੀ ਮਸ਼ਰੂਫ ਕਿਉਂ ਨਾ ਹੋਣ, ਪਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਆਸਥਾ ਦਾ ਸਮੇਂ-ਸਮੇਂ ਪ੍ਰਗਟਾਵਾ ਕਰਨਾ ਕਦੇ ਨਹੀਂ ਭੁੱਲਦੇ, ਜਿਸ ਦਾ ਇਜ਼ਹਾਰ ਉਹਨਾਂ ਦੇ ਪਹਿਲੋਂ ਵੀ ਕਈ ਰਿਲੀਜ਼ ਹੋ ਚੁੱਕੇ ਗਾਣੇ ਕਰਵਾ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਅਤੇ ਉਹਨਾਂ ਦੀ ਜੀਵਨਬਾਣੀ, ਚੰਗਿਆਈਆਂ, ਉਸਤਤਿ ਨੂੰ ਬਹੁਤ ਹੀ ਸੋਹਣੀ ਗਾਇਨ ਸ਼ੈਲੀ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ।
ਉੱਧਰ ਜੇਕਰ ਇਸ ਬਾਕਮਾਲ ਗਾਇਕ ਦੇ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀਂ ਦਿਨੀਂ ਉਹ ਲੰਦਨ ਵਿਖੇ ਆਪਣੀ ਨਵੀਂ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ ਵਿੱਚ ਬਿਜ਼ੀ ਹਨ, ਜਿੰਨ੍ਹਾਂ ਤੋਂ ਇਲਾਵਾ ਉਹਨਾਂ ਦੇ ਕਈ ਹੋਰ ਸੰਗੀਤਕ ਪ੍ਰੋਜੈਕਟ ਵੀ ਰਿਲੀਜ਼ ਪੜਾਅ 'ਤੇ ਹਨ।