ਚੰਡੀਗੜ੍ਹ: ਹਾਲ ਹੀ ਵਿੱਚ ਆਈ ਪੰਜਾਬੀ ਫ਼ੀਚਰ ਫਿਲਮ ‘ਰੇਂਜ ਰੋਡ 290’ ’ਚ ਨਿਭਾਏ ਨਿਵੇਕਲੇ ਅਤੇ ਲੀਡ ਕਿਰਦਾਰ ਦੁਆਰਾ ਇੱਕ ਵਾਰ ਫਿਰ ਤੋਂ ਇਕ ਨਵੇਂ ਅਧਿਆਏ ਵੱਲ ਵਧਦਾ ਨਜ਼ਰ ਆ ਰਿਹਾ ਹੈ ਅਦਾਕਾਰ ਹਰਸ਼ਰਨ ਸਿੰਘ, ਜੋ ਆਉਣ ਵਾਲੇ ਕਈ ਅਹਿਮ ਫਿਲਮਜ਼ ਪ੍ਰੋਜੈਕਟਸ ਵਿਚ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰੀ ਆਵੇਗਾ।
ਮੂਲ ਰੂਪ ਵਿਚ ਰਜਵਾੜ੍ਹਾਸ਼ਾਹੀ ਜ਼ਿਲ੍ਹਾਂ ਫ਼ਰੀਦਕੋਟ ਨਾਲ ਸੰਬੰਧਤ ਅਤੇ ਅੱਜਕੱਲ੍ਹ ਕੈਨੇਡਾ ਵਸੇਂਦੇ ਇਸ ਐਕਟਰ ਨੇ ਆਪਣੇ ਅਦਾਕਾਰੀ ਸਫ਼ਰ ਵੱਲ ਝਾਤ ਪਵਾਉਂਦਿਆਂ ਦੱਸਿਆ ਕਿ ਉਸ ਦੀ ਇਸ ਪਾਸੇ ਰੁਚੀ ਬਚਪਨ ਤੋਂ ਹੀ ਰਹੀ ਹੈ, ਜਿਸ ਦੇ ਮੱਦੇਨਜ਼ਰ ਪੜਾਅ ਦਰ ਪੜ੍ਹਾਅ ਪਰਪੱਕ ਹੁੰਦੇ ਗਏ ਇਸ ਸ਼ੌਂਕ ਨੂੰ ਜੜ੍ਹਾਂ ਉਦੋਂ ਲੱਗੀਆਂ, ਜਦੋਂ ਉਸ ਨੇ ਕਾਲਜ ਵਿਚ ਦਾਖ਼ਲਾ ਲਿਆ, ਜਿੱਥੇ ਉਸ ਦੇ ਕਈ ਸਹਿਪਾਠੀ ਰੰਗਮੰਚ ਅਤੇ ਸੰਗੀਤ ਨਾਲ ਕਾਫ਼ੀ ਜੁੜਾਂਵ ਬਣਾਈ ਬੈਠੇ ਸਨ।
ਉਨ੍ਹਾਂ ਅੰਦਰਲੀ ਕਲਾ ਅਤੇ ਇਸ ਦਿਸ਼ਾ ਵਿਚ ਹੋ ਰਹੀਆਂ ਗਤੀਵਿਧੀਆਂ ਨੂੰ ਵੇਖਦਿਆਂ ਉਸ ਦੇ ਅੰਦਰ ਦੱਬਿਆ ਅਦਾਕਾਰੀ ਸ਼ੌਂਕ ਮੁੜ ਹੁਲਾਰੇ ਭਰਨ ਲੱਗਾ ਅਤੇ ਉਹ ਵੀ ਰੰਗਮੰਚ ਵਿਚ ਬਰਾਬਰ ਸਹਿਭਾਗੀਦਾਰੀ ਕਰਨ ਲੱਗ ਪਿਆ। ਪੰਜਾਬ ਤੋਂ ਚੱਲ ਕੇ ਮੁੰਬਈ ਨਗਰੀ ਤੱਕ ਅਪਣੀ ਵਿਲੱਖਣ ਅਦਾਕਾਰੀ ਸ਼ੈਲੀ ਦਾ ਲੋਹਾ ਮੰਨਵਾ ਚੁੱਕੇ ਹਰਸ਼ਰਨ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੀ ਐਕਟਿੰਗ ਕਲਾ ਨੂੰ ਨਿਖਾਰਨ ਦੇਣ ਵਿਚ ਥੀਏਟਰ ਦੀ ਅਹਿਮ ਭੂਮਿਕਾ ਰਹੀ ਹੈ, ਜਿਸ ਦੌਰਾਨ ਉਸ ਨੂੰ ਨਾਟਕ ਜਗਤ ਦੀਆਂ ਕਈ ਸਤਿਕਾਰਿਤ ਹਸਤੀਆਂ ਦੀ ਸੰਗਤ ਅਤੇ ਕਾਫ਼ੀ ਕੁਝ ਸਿੱਖਣ, ਸਮਝਣ ਦਾ ਮੌਕਾ ਮਿਲਿਆ।