ਭੁਲੱਥ : 2017 'ਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਵਲੋਂ ਪਿਛਲੇ ਦਿਨੀਂ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਉੱਤੇ ਭੁਲੱਥ ਤੋਂ ਖਹਿਰਾ ਵਿਰੁੱਧ ਚੋਣ ਲੜ ਚੁੱਕੇ ਅਕਾਲੀ ਆਗੂ ਯੁਵਰਾਜ ਸਿੰਘ ਭੁਪਿੰਦਰ ਨੇ ਖਹਿਰਾ ਨੂੰ ਲੰਮੇ ਹੱਥੀਂ ਲਿਆ।
ਖਹਿਰਾ ਕਾਂਗਰਸ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ : ਯੁਵਰਾਜ
ਅਕਾਲੀ ਆਗੂ ਯੁਵਰਾਜ ਸਿੰਘ ਭੁਪਿੰਦਰ ਨੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ 'ਤੇ ਤੰਜ ਕਸਦਿਆਂ ਕਿਹਾ ਕਿ "ਖਹਿਰਾ ਸਿਰਫ਼ ਡਰਾਮੇਬਾਜ਼ੀ ਕਰ ਸਕਦੇ ਹਨ।"
ਯੁਵਰਾਜ ਭੁਪਿੰਦਰ ਨੇ ਕਿਹਾ ਕਿ ਖਹਿਰਾ ਵਲੋਂ ਇਹ ਡਰਾਮਾ ਗਿਣੀ ਮਿਥੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਅਤੇ ਖਹਿਰਾ ਵਲੋਂ ਆਪਣਾ ਅਸਤੀਫ਼ਾ ਵੀ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਤਾਂ ਜੋ ਉਹ ਸਵੀਕਾਰ ਨਾ ਹੋ ਸਕੇ ਅਤੇ ਚੋਣ ਕਮਿਸ਼ਨ ਖਹਿਰਾ ਦੇ ਨਾਮਜ਼ਦਗੀ ਪੇਪਰ ਰੱਦ ਕਰ ਦੇਵੇ।
ਯੁਵਰਾਜ ਨੇ ਕਿਹਾ ਅਜਿਹਾ ਹੋਣ ਨਾਲ ਖਹਿਰਾ ਲੋਕਾਂ ਨੂੰ ਗੁਮਰਾਹ ਕਰੇਗਾ ਅਤੇ ਅਗਲੇ ਸਮੇਂ 'ਚ ਕਾਂਗਰਸ 'ਚ ਸ਼ਾਮਿਲ ਹੋ ਕੇ ਦੁਬਾਰਾ ਭੁਲੱਥ ਹਲਕੇ ਤੋਂ ਵਿਧਾਇਕ ਦੀ ਜ਼ਿਮਨੀ ਚੋਣ ਲੜੇਗਾ। ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਦੀ ਇਸ ਚਾਲ ਨਾਲ ਸਪਸ਼ਟ ਹੋ ਗਿਆ ਹੈ ਕਿ ਉਹ ਕਾਂਗਰਸ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ।