ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੈਦੋ 'ਚ ਕਈ ਮਹੀਨਿਆਂ ਤੋਂ ਮੰਜੇ ਤੇ ਰਿੜਕ ਰਹੇ ਪਤੀ ਪਤਨੀ ਨੇ ਸਮਾਜ ਸੇਵੀਆਂ ਤੋਂ ਇਲਾਜ ਕਰਵਾਉਣ ਦੀ ਗੁਹਾਰ ਲਗਾਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਨ ਲਈ ਬਾਹਰ ਗਿਆ ਸੀ ਤਾਂ ਇਸ ਦੌਰਾਨ ਉਸ ਦੀਆਂ ਅੱਖਾਂ ਵਿੱਚ ਕੁਝ ਪੈ ਗਿਆ। ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਪੀੜ੍ਹਤ ਦਾ ਕਹਿਣਾ ਕਿ ਉਸਨੇ ਕਾਫ਼ੀ ਇਲਾਜ ਕਰਵਾਇਆ ਪਰ ਅੱਖਾਂ ਦੀ ਰੌਸ਼ਨੀ ਵਾਪਸ ਨਹੀਂ ਆਈ। ਉਸ ਨੇ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਪੈਸੇ ਪੱਖੋਂ ਦੁੱਖੀ ਇਲਾਜ ਕਰਵਾਉਣ ਤੋਂ ਅਸਮਰਥ ਹੈ ਅਤੇ ਮੰਜੇ ਤੇ ਰਿੜਕ ਰਿਹਾ ਹੈ।
ਉਧਰ ਕਸ਼ਮੀਰ ਸਿੰਘ ਦੀ ਪਤਨੀ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਆਪਣੇ ਪਤੀ ਦੀਆਂ ਅੱਖਾਂ ਖਰਾਬ ਹੋਣ ਤੋਂ ਬਾਅਦ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਉਨ੍ਹਾਂ ਦੱਸਿਆ ਕਿ ਇੱਕ ਦਿਨ ਅਚਾਨਕ ਉਸ ਦੇ ਪੈਰ 'ਤੇ ਕੱਖ ਲੱਗ ਗਿਆ, ਜਿਸ ਕਾਰਨ ਉਸ ਦਾ ਪੈਰ ਬੁਰੀ ਤਰ੍ਹਾਂ ਨਾਲ ਗਲ ਗਿਆ। ਉਸ ਨੇ ਕਿਹਾ ਕਿ ਇਲਾਜ ਕਰਵਾਉਂਦਿਆਂ, ਉਸ ਦਾ ਸਾਰਾ ਕੁਝ ਵਿੱਕ ਗਿਆ ਪਰ ਉਸ ਦਾ ਪੈਰ ਠੀਕ ਨਹੀਂ ਹੋਇਆ ਅਤੇ ਉਹ ਉਦੋਂ ਤੋਂ ਹੀ ਮੰਜੇ ਤੇ ਰਿੜਕ ਰਹੀ ਹੈ। ਪੀੜ੍ਹਤ ਦਾ ਕਹਿਣਾ ਕਿ ਉਹ ਪੈਸੇ ਪੱਖੋਂ ਅਸਮਰਥ ਹਨ, ਜਿਸ ਕਾਰਨ ਉਹ ਇਲਾਜ਼ ਨਹੀਂ ਕਰਵਾ ਪਾ ਰਹੇ। ਇਸ ਦੇ ਚੱਲਦਿਆਂ ਉਨ੍ਹਾਂ ਸਮਾਜ ਸੇਵੀਆਂ ਤੋਂ ਮਦਦ ਦੀ ਮੰਗ ਕੀਤੀ ਹੈ।