ਤਰਨਤਾਰਨ:ਪਿੰਡ ਮੱਖੀ ਕਲਾਂ ਵਿਖੇ ਨਾਜਾਇਜ਼ ਸਬੰਧਾਂ ਕਾਰਨ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਕੁੱਝ ਦਿਨ ਬਾਅਦ ਕਤਲ ਹੋਏ ਵਿਅਕਤੀ ਦੀ ਲਾਸ਼ ਥਾਣਾ ਕੱਚਾ ਪੱਕਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸੀ। ਮ੍ਰਿਤਕ ਵਿਅਕਤੀ ਦੀ ਪਛਾਣ ਹਰਪਾਲ ਸਿੰਘ ਸਕੱਤਰ ਵਜੋਂ ਹੋਈ ਸੀ। ਜਿਸ ਤੋਂ ਬਾਅਦ ਮ੍ਰਿਤਕ ਹਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹਰਪਾਲ ਸਿੰਘ ਦਾ ਕਤਲ ਹੋਣ ਦਾ ਖਾਦਸਾ ਪੁਲਿਸ ਨੂੰ ਜਤਾਇਆ ਸੀ। ਜਿਸ ਤੋਂ ਬਾਅਦ ਥਾਣਾ ਕੱਚਾ ਪੱਕਾ ਪੁਲਿਸ ਵੱਲੋਂ ਬਰੀਕੀ ਨਾਲ ਛਾਣਬੀਣ ਕਰਨ ਅਤੇ ਹਰਪਾਲ ਸਿੰਘ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਉਸਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੱਚਾ ਪੱਕਾ ਦੇ ਐੱਸਐੱਚਓ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪਾਲ ਸਿੰਘ ਦਾ ਵਿਆਹ ਰਾਜਬੀਰ ਕੌਰ ਵਾਸੀ ਪਿੰਡ ਮੱਖੀ ਕਲਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਪਤੀ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਰਾਜਬੀਰ ਕੌਰ ਦੇ ਕਥਿਤ ਤੌਰ ’ਤੇ ਰਣਜੀਤ ਸਿੰਘ ਰਾਣਾ ਨਾਲ ਨਾਜਾਇਜ਼ ਸਬੰਧ ਹਨ। ਰਣਜੀਤ ਸਿੰਘ ਰਾਣਾ ਨੇ ਹਰਪਾਲ ਸਿੰਘ ਨੂੰ ਧਮਕੀ ਵੀ ਦਿੱਤੀ ਸੀ ਕਿ ਜੇ ਉਸ ਨੇ ਰਾਜਬੀਰ ਕੌਰ ਨੂੰ ਨਾ ਛੱਡਿਆ ਤਾਂ ਹਸ਼ਰ ਬਹੁਤ ਬੁਰਾ ਹੋਵੇਗਾ।