ਲੁਧਿਆਣਾ :40 ਲੱਖ ਤੋਂ ਵੱਧ ਦੀ ਅਬਾਦੀ ਵਾਲਾ ਸ਼ਹਿਰ ਲੁਧਿਆਣਾ ਪ੍ਰਦੂਸ਼ਣ ਦਾ ਵੱਡਾ ਕੇਂਦਰ ਹੈ। ਪੰਜਾਬ 'ਚ ਲੁਧਿਆਣਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ। ਜੇਕਰ ਇਥੇ ਦੀ ਏਅਰ ਕੁਆਲਟੀ ਇੰਡੈਕਸ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਹਲਾਤਾਂ ਮੁਤਾਬਕ ਏਅਰ ਕੁਆਲਟੀ ਇੰਡੈਕਸ 100 ਤੋਂ ਉਪਰ ਹੈ, ਜੋ ਕਿ 50 ਜਾਂ ਇਸ ਤੋਂ ਥੱਲੇ ਹੋਣਾ ਚਾਹੀਦਾ ਹੈ।
ਲੁਧਿਆਣਾ ਦੇ ਟ੍ਰੈਫਿਕ ਮਾਹਰ ਤੇ ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਨੇ ਦਾਅਵਾ ਕੀਤਾ ਹੈ ਕਿ ਸਲਾਨਾ ਹਵਾ ਪ੍ਰਦੂਸ਼ਣ ਨਾਲ ਸੈਂਕੜੇ ਮੌਤਾਂ ਹੋ ਰਹੀਆਂ ਹਨ, ਉਨ੍ਹਾਂ ਆਖਿਆ ਕਿ ਜੇਕਰ ਇੰਝ ਹੀ ਰਿਹਾ ਤਾਂ ਹਲਾਤ ਬੇਕਾਬੂ ਹੋ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਲੁਧਿਆਣਾ 'ਚ ਕੋਰੋਨਾ ਮਹਾਮਾਰੀ ਨਾਲ ਵੱਧਦਾ ਪ੍ਰਦੂਸ਼ਣ ਵੀ ਇੱਕ ਵੱਡੀ ਸਮੱਸਿਆ ਹੈ।
ਪੰਜਾਬ 'ਚ ਵੱਧ ਰਿਹਾ ਹਵਾ ਪ੍ਰਦੂਸ਼ਣ ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਕਮਲਜੀਤ ਸੋਈ ਨੇ ਦੱਸਿਆ ਕਿ ਲੁਧਿਆਣਾ 'ਚ ਏਅਰ ਕੁਆਲਟੀ ਇੰਡੈਕਸ 100 ਤੋਂ ਉੱਪਰ ਰਹਿੰਦਾ ਹੈ ਜਦੋਂ ਕਿ ਇਹ 25 ਤੋਂ 50 ਦੇ ਵਿਚਾਲੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖ ਲਈ ਘਾਤਕ ਹੈ। ਇਸ ਨਾਲ ਲੋਕਾਂ ਨੂੰ ਗੰਭੀਰ ਬਿਮਾਰੀਆਂ ਹੋ ਰਹੀਆਂ ਹਨ। ਸ਼ਹਿਰ ਵਿੱਚ ਟ੍ਰੈਫਿਕ ਵੱਧ ਹੋਣ ਕਾਰਨ ਇਹ ਸਮੱਸਿਆ ਹੋੇਰ ਗੰਭੀਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਹਜ਼ਾਰਾਂ ਆਟੋ ਚਲਦੇ ਹਨ, ਆਟੋ ਚਾਲਕ ਕਈ ਵਾਰ ਅਜਿਹੇ ਇੰਧਨ ਵਰਤਦੇ ਹਨ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ। ਕਮਲਜੀਤ ਨੇ ਦੱਸਿਆ ਕਿ ਸੜਕਾਂ ਉੱਤੇ ਕੁੱਝ ਵਾਹਨ ਅਜਿਹੇ ਵੀ ਚਲਦੇ ਹਨ ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਇਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਪਸਨ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ।
ਉਧਰ ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਇੰਜੀਨੀਅਰ ਸੰਦੀਪ ਬਹਿਲ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਫੈਕਟਰੀਆਂ ਅਤੇ ਵੱਧ ਵਸੋਂ ਹੋਣਾ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਇਸ ਕਾਰਨ ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਮਾਪਣ ਲਈ ਅੱਠ ਥਾਵਾਂ ਤੇ ਯੰਤਰ ਲਗਾਏ ਜਾ ਰਹੇ ਹਨ, ਜਿਸ ਨਾਲ ਇਲਾਕੇ ਦੇ ਵਿੱਚ ਕਿੰਨਾ ਕੁ ਪ੍ਰਦੂਸ਼ਣ ਹੈ ਉਹ ਡਿਸਪਲੇ ਤੇ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਤੇ ਠੱਲ ਪਾਉਣ ਲਈ ਲਗਾਤਾਰ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਪੇੜ ਪੌਦੇ ਲਗਾਏ ਜਾ ਰਹੇ ਹਨ ਤਾਂ ਜੋ ਸ਼ਹਿਰ ਦੀ ਆਬੋ-ਹਵਾ ਨੂੰ ਸੁਧਾਰਿਆ ਜਾ ਸਕੇ।