ਲੁਧਿਆਣਾ: ਸ਼ਹਿਰ ਦੇ ਰੋਡੇ ਫਾਟਕ ਨੇੜੇ ਇੱਕ ਅਧੇੜ ਉਮਰ ਦੇ ਵਿਅਕਤੀ ਵੱਲੋਂ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮ੍ਰਿਤਕ ਵਿਅਕਤੀ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ। ਇਸ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਜੀਆਰਪੀ ਥਾਣੇ ਪਹੁੰਚਿਆ ਅਤੇ ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਮੌਜੂਦਾ ਮਹਿਲਾ ਕੌਂਸਲਰ ਅਤੇ ਉਸ ਦੇ ਸਹੁਰੇ ਪਰਿਵਾਰ ਉੱਤੇ ਉਨ੍ਹਾਂ ਦੀ ਦੁਕਾਨ 'ਤੇ ਕਬਜ਼ਾ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਦੁਕਾਨ ਖਾਲੀ ਨਾ ਕਰਨ 'ਤੇ ਮਹਿਲਾ ਕੌਂਸਲਰ ਦਾ ਸਹੁਰਾ ਅਤੇ ਪਤੀ, ਜਸਵੀਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਸਨ ਜਿਸ ਦੇ ਚਲਦਿਆਂ ਪਰੇਸ਼ਾਨੀ ਕਾਰਨ ਜਸਵੀਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਸਮੇਂ ਸਿਰ ਮਾਮਲੇ 'ਤੇ ਕਾਰਵਾਈ ਨਾ ਹੋਣ ਦੇ ਚਲਦਿਆਂ ਥਾਣੇ ਅਗੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਨੇ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਕੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।