ਚੰਡੀਗੜ੍ਹ: ਪੰਜਾਬ ਭਵਨ 'ਚ ਹੋਈ ਕੈਬਿਨੇਟ ਦੀ ਬੈਠਕ 'ਚ ਕਈ ਵੱਡੇ ਫੈਸਲੇ ਲਏ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ ਇਸ ਬੈਠਕ 'ਚ 1% ਸਟਾਪ ਡਿਊਟੀ/ ਰਜੀਸਟ੍ਰੈਸ਼ਨ/ ਖਰੀਦ-ਵੇਚ ਤੇ ਅਰਬਨ ਪ੍ਰਾਪਰਟੀ ਦੀ ਖ਼ਰੀਦ-ਵੇਚ 'ਚ ਵਾਧਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਐਸ.ਏ.ਐਸ.ਨਗਰ ਮੋਹਾਲੀ ਦਾ ਨਾਂਅ ਬਦਲ ਕੇ ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬੈਠਕ 'ਚ ਪੰਜਾਬ ਮੰਤਰੀ ਮੰਡਲ ਨੇ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਕੰਮਕਾਜ ਨੂੰ ਹੋਰ ਬਿਹਤਰ ਤੇ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਇਨ੍ਹਾਂ ਅਦਾਰਿਆਂ ਵਿੱਚ 550 ਅਸਾਮੀਆਂ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਅਸਾਮੀਆਂ ਵਿੱਚ ਤਕਨੀਕੀ ਪੈਰਾ ਮੈਡੀਕਲ ਦੀਆਂ 66, ਨਰਸਾਂ, ਟੈਕਨੀਸ਼ੀਅਨ ਅਤੇ ਚੌਥੇ ਦਰਜੇ ਦੇ ਕਰਮਚਾਰੀਆਂ ਦੀਆਂ 464 ਅਸਾਮੀਆਂ ਅਤੇ ਵੀਡੀਆਰਐਲ/ਐਮਆਰਯੂ ਲੈਬ ਪ੍ਰਾਜੈਕਟਾਂ ਦੀਆਂ 20 ਅਸਾਮੀਆਂ ਸ਼ਾਮਲ ਹੋਣਗੀਆਂ।
ਇਸ ਤੋਂ ਇਲਾਵਾ ਸਰਕਾਰ ਨੇ ਲੁਧਿਆਣਾ ਦੇ ਬੁੱਢਾ ਨਾਲੇ ਦੇ ਸੁਧਾਰ ਲਈ 650 ਕਰੋੜ ਰੁਪਏ ਦੀ ਰਕਮ ਪਹਿਲੇ ਫੇਜ਼ ਲਈ ਖ਼ਰਚ ਕਰਨ ਲਈ ਜਾਰੀ ਕੀਤੀ ਹੈ। ਇਸ ਰਕਮ ਨਾਲ ਅਡਿਸ਼ਨਲ ਸੀਵੇਜ ਪਲਾਂਟ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦੀ ਸਮਰਥਾ 275 ਐਮਐਲ ਦੀ ਹੋਵੇਗੀ।