ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਅੱਜ ਲੁਧਿਆਣਾ ਦੌਰੇ 'ਤੇ ਹਨ। ਇਸ ਦੌਰਾਨ ਸਭ ਤੋਂ ਪਹਿਲਾਂ ਉਹ ਲੁਧਿਆਣਾ ਦੇ ਪ੍ਰਾਚੀਨ ਦੁਰਗਾ ਮਾਤਾ ਮੰਦਿਰ (Ancient Durga Mata Temple) ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਦੁਰਗਾ ਮਾਤਾ ਮੰਦਿਰ ਨੂੰ 11 ਕਨਾਲ ਜ਼ਮੀਨ ਵੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਦਿਰ ਕਮੇਟੀ ਦੀ ਇਹ ਮੰਗ ਸੀ ਕਿਉਂਕਿ ਮੰਦਿਰ 'ਚ ਹਸਪਤਾਲ (Hospital in the temple) ਵੀ ਚਲਾਇਆ ਜਾਂਦਾ ਹੈ, ਜਿਸ ਕਰਕੇ ਉਨ੍ਹਾਂ ਨੇ ਫੈਸਲਾ ਲਿਆ ਹੈ। ਉਧਰ ਨਸ਼ੇ ਅਤੇ ਐਸ.ਸੀ ਸਕਾਲਰਸ਼ਿਪ (Drugs and SC Scholarships) ਨੂੰ ਲੈ ਕੇ ਵੀ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਭਾਵੇਂ ਮੁਲਜ਼ਮ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਕ ਪਾਸੇ ਜਿਥੇ ਲਗਾਤਾਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਲੁਧਿਆਣਾ ਆ ਕੇ ਕਾਰੋਬਾਰੀਆਂ ਨੂੰ ਭਰਮਾ ਰਹੇ ਹਨ। ਉਥੇ ਹੀ ਲੁਧਿਆਣਾ ਮਾਲਵਾ ਦਾ ਸਭ ਤੋਂ ਵੱਡਾ ਰੀਜਨ ਹੋਣ ਕਰਕੇ ਇੱਥੇ ਵੱਡੀ ਤਾਦਾਦ 'ਚ ਹਿੰਦੂ ਵੋਟਰ ਵੀ ਹਨ ਅਤੇ ਹੁਣ ਉਨ੍ਹਾਂ ਨੂੰ ਭਰਮਾਉਣ ਲਈ ਵੀ ਲੀਡਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਜਿੱਥੇ ਬੀਤੇ ਦਿਨੀਂ ਸੁਖਬੀਰ ਬਾਦਲ ਮੰਦਰ ਜਾ ਕੇ ਨਤਮਸਤਕ ਹੋਏ ਸਨ ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੁਧਿਆਣਾ ਲਈ ਦੁਰਗਾ ਮਾਤਾ ਮੰਦਿਰ 'ਚ ਨਤਮਸਤਕ ਹੋਏ ਹਨ।