ਲੁਧਿਆਣਾ: ਪੁਲਿਸ ਨੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਲੁਧਿਆਣਾ ਦੇ ਏਡੀਸੀਪੀ ਅਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵੱਲੋਂ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਨਾਕੇਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਲੁੱਟ-ਖੋਹ ਕਰਨ ਵਾਲੇ ਨੌਜਵਾਨ ਚੜ੍ਹੇ ਪੁਲਿਸ ਦੇ ਅੜਿਕੇ - ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਨੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 17 ਲੈਪਟਾਪ, ਦਰਜਨ ਤੋਂ ਵੱਧ ਮੋਬਾਈਲ ਫ਼ੋਨ ਤੇ ਹਥਿਆਰਾਂ ਸਣੇ ਵੱਡੀ ਗਿਣਤੀ 'ਚ ਲੁੱਟ ਦਾ ਸਮਾਨ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਹ ਚਾਰੇ ਮੁਲਜ਼ਮ ਲੁਧਿਆਣਾ ਦੇ ਪਿੰਡ ਸਾਹਿਬਾਨਾਂ 'ਚ ਵੀ ਗੁਰਦੁਆਰਾ ਸਾਹਿਬ ਦੀ ਗੋਲਕ ਲੁੱਟਣ ਦੇ ਇਰਾਦੇ ਨਾਲ ਗਏ ਸਨ ਪਰ ਗੁਰਦੁਆਰੇ ਅੰਦਰ ਸੌਂ ਰਹੇ ਕਿਸੇ ਵਿਅਕਤੀ ਦੀ ਅੱਖ ਖੁੱਲ੍ਹ ਗਈ ਤਾਂ ਉਸ ਨੇ ਰੌਲਾ ਪਾਇਆ। ਮੁਲਜ਼ਮਾਂ ਨੇ ਉਕਤ ਵਿਅਕਤੀ ਉੱਤੇ ਫਾਇਰਿੰਗ ਕੀਤੀ ਪਰ ਵਿਅਕਤੀ ਦੀ ਜਾਨ ਬੱਚ ਗਈ। ਪਿੰਡ ਵਾਸੀਆਂ ਦੇ ਇੱਕਠੇ ਹੁੰਦੇ ਹੀ ਚਾਰੋ ਮੁਲਜ਼ਮ ਦੀਵਾਰ ਟੱਪ ਕੇ ਭੱਜ ਰਹੇ ਸਨ ਕਿ ਇੱਕ ਮੁਲਜ਼ਮ ਦੀ ਬਾਂਹ ਟੁੱਟ ਗਈ।
ਉਨ੍ਹਾਂ ਦੱਸਿਆ ਕਿ 4 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਵੱਡੀ ਮਾਤਰਾ 'ਚ ਲੁੱਟ ਦਾ ਸਮਾਨ ਬਰਾਮਦ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 17ਲੈਪਟਾਪ, ਦਰਜਨ ਤੋਂ ਵੱਧ ਮੋਬਾਈਲ, ਦੇਸੀ ਕੱਟਾ ਅਤੇ ਮੋਟਰਸਾਈਕਲ ਸਮੇਤ ਵੱਡੀ ਤਦਾਦ 'ਚ ਲੁੱਟ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਰਾਜਪੁਰਾ ਵਿਖੇ ਵੀ ਲੁੱਟ ਖੋਹ ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਜਾਰੀ ਹੈ।