ਜਲੰਧਰ:ਇੱਕ ਮਾਂ ਦੀ ਆਪਣੇ ਬੱਚੇ ਲਈ ਮਮਤਾ ਕੀ ਹੁੰਦੀ ਹੈ ਦੁਨੀਆ ਜਾਣਦੀ ਹੈ, ਪਰ ਅਸੀਂ ਤੁਹਾਨੂੰ ਇੱਕ ਅਜਿਹੀ ਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਮਤਾ ਇਕ ਅਜਿਹੇ ਜਾਨਵਰ ਦੇ ਬੱਚੇ ਲਈ ਜਾਗੀ ਜਿਸ ਬਾਰੇ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਇਹ ਕਿਸ ਜਾਨਵਰ ਦਾ ਬੱਚਾ ਹੈ। ਦਰਅਸਲ ਗੁਰਪ੍ਰੀਤ ਕੌਰ ਨਾਂ ਦੀ ਇਹ ਮਹਿਲਾ ਜਿਸ ਦੇ ਪਤੀ ਇੱਕ ਅਜਿਹੀ ਐੱਨਜੀਓ ਚਲਾਉਂਦੇ ਹਨ ਜੋ ਰਸਤੇ ਵਿੱਚ ਪਏ ਕਿਸੇ ਜ਼ਖ਼ਮੀ ਆ ਬੀਮਾਰ ਜਾਨਵਰ ਨੂੰ ਉਸ ਦਾ ਇਲਾਜ ਕਰ ਉਸ ਨੂੰ ਮੁੜ ਤੋਂ ਜਿੰਦਗੀ ਜਿਉਣ ਜੋਗਾ ਕਰਦੇ ਹਨ।
'ਬੱਚਾ ਸੜਕ ਕਿਨਾਰੇ ਪਿਆ ਸੀ': ਗੁਰਪ੍ਰੀਤ ਕੌਰ ਦੱਸਦੀ ਹੈ ਕਿ ਤਿੰਨ ਚਾਰ ਦਿਨ ਪਹਿਲੇ ਉਸ ਦੇ ਪਤੀ ਨੂੰ ਇੱਕ ਫੋਨ ਆਇਆ ਸੀ ਕਿ ਜਲੰਧਰ ਦੇ ਅਰਬਨ ਅਸਟੇਟ ਇਲਾਕੇ ਵਿੱਚ ਇਕ ਛੋਟਾ ਜਿਹਾ ਬੱਚਾ ਸੜਕ ਕਿਨਾਰੇ ਪਿਆ ਹੋਇਆ ਹੈ ਜੋ ਪ੍ਰੀਮੈਚਿਓਰ ਹੈ ਅਤੇ ਉਸ ਦੇ ਉੱਪਰੋਂ ਹਾਲੇ ਜਨਮ ਦੇਣ ਤੋਂ ਪਹਿਲੇ ਵਾਲੀ ਥੈਲੀ ਵੀ ਨਹੀਂ ਉਤਰੀ ਹੈ। ਉਸ ਦੇ ਪਤੀ ਯੁਵੀ ਸਿੰਘ ਜਦੋ ਇਸ ਬੱਚੇ ਨੂੰ ਬਚਾਉਣ ਬਾਰੇ ਡਾਕਟਰ ਨਾਲ ਗੱਲ ਕਰ ਰਹੇ ਸੀ ਤਾਂ ਬੱਚੇ ਨੂੰ ਦੁੱਧ ਬਾਰੇ ਹੋਈ ਗੱਲਬਾਤ ਉਸ ਨੇ ਸੁਣ ਲਈ ਸੀ। ਜੇਕਰ ਉਸ ਬੱਚੇ ਨੂੰ ਮੱਝ ਜਾਂ ਗਾਂ ਦਾ ਦੁੱਧ ਪਿਲਾਇਆ ਜਾਂਦਾ ਤਾਂ ਸ਼ਾਇਦ ਉਹ ਉਸ ਸਮੇਂ ਮਰ ਜਾਂਦਾ ਕਿਉਂਕਿ ਇਹ ਦੁੱਧ ਬਹੁਤ ਭਾਰਾ ਹੁੰਦਾ ਹੈ।
'ਜਾਨਵਰ ਦੇ ਨਵਜਾਤ ਬੱਚੇ ਨੂੰ ਪਿਲਾਇਆ ਆਪਣਾ ਦੁੱਧ': ਗੁਰਪ੍ਰੀਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਆਪਣਾ ਇਕ ਇਕ ਸਾਲ ਦਾ ਬੱਚਾ ਹੈ ਜੋ ਮਾਂ ਦੀ ਫੀਡ ਲੈਂਦਾ ਹੈ। ਗੁਰਪ੍ਰੀਤ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਇਸ ਜਾਨਵਰ ਦੇ ਨਵਜਾਤ ਬੱਚੇ ਨੂੰ ਘਰ ਲੈ ਆਉਣ ਅਤੇ ਉਹ ਇਸ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਠੀਕ ਕਰ ਲਵੇਗੀ। ਜਿਸ ਤੋਂ ਬਾਅਦ ਇਸ ਬੱਚੇ ਨੂੰ ਘਰ ਲਿਆਂਦਾ ਗਿਆ ਅਤੇ ਗੁਰਪ੍ਰੀਤ ਨੇ ਇਸ ਨੂੰ ਆਪਣਾ ਦੁੱਧ ਪਿਲਾਇਆ।
ਦੁੱਧ ਪੀਣ ਤੋਂ ਬਾਅਦ ਬੱਚੇ ਚ ਹੋਈ ਹਰਕਤ: ਗੁਰਪ੍ਰੀਤ ਦੱਸਿਆ ਕਿ ਜਿਸ ਸਮੇਂ ਬੱਚੇ ਨੂੰ ਲਿਆਂਦਾ ਗਿਆ ਸੀ ਉਹ ਇੰਝ ਲੱਗ ਰਿਹਾ ਸੀ ਕਿ ਜਿਵੇਂ ਮਰ ਗਿਆ ਹੋਵੇ ਪਰ ਦੁੱਧ ਪਿਲਾਉਣ ਤੋਂ ਬਾਅਦ ਹੌਲੀ ਹੌਲੀ ਉਹਦੇ ਸਰੀਰ ਵਿਚ ਹਰਕਤ ਪੈਦਾ ਹੋਈ ਅਤੇ ਅੱਜ ਉਹ ਬੱਚਾ ਬਿਲਕੁਲ ਠੀਕ ਠਾਕ ਹੈ। ਉਸ ਦੇ ਮੁਤਾਬਕ ਹੁਣ ਜਦ ਬੱਚੇ ਦੇ ਸਰੀਰ ਵਿਚ ਹਰਕਤ ਪੈਦਾ ਹੋਈ ਹੈ ਤਾਂ ਪਤਾ ਲੱਗਾ ਹੈ ਕਿ ਇਹ ਬੱਚਾ ਇਕ ਗਿਲਹਿਰੀ ਦਾ ਬੱਚਾ ਹੈ।