ਜਲੰਧਰ: ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ। ਈਟੀਵੀ ਭਾਰਤ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਦੀ ਗਰਾਉਂਡ ਜ਼ੀਰੋ ਤੋਂ ਕਵਰੇਜ ਕੀਤੀ ਹੈ।
ਕਿਸੇ ਵੀ ਸ਼ਹਿਰ ਦੀ ਖ਼ੂਬਸੂਰਤੀ ਦਾ ਸਭ ਤੋਂ ਵੱਡਾ ਸਾਧਨ ਹੁੰਦੀਆਂ ਹਨ ਉਸ ਸ਼ਹਿਰ ਦੀਆਂ ਸੜਕਾਂ ਅਤੇ ਜਿਸ ਸ਼ਹਿਰ ਵਿੱਚ ਸੜਕਾਂ ਹੀ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਜਾਣ ਤਾਂ ਉਹ ਸ਼ਹਿਰ ਦਾ ਕੀ ਹਾਲ ਹੋਵੇਗਾ ਇਹ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਕੁਝ ਅਜਿਹਾ ਹੀ ਹਾਲ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਵਿਖੇ, ਜਿੱਥੇ ਸੜਕਾਂ ਕਰਕੇ ਲੋਕ ਖਾਸੇ ਪ੍ਰੇਸ਼ਾਨ ਹਨ।
ਜਲੰਧਰ ਦੀਆਂ ਇਹ ਸੜਕਾਂ ਕਈ ਸਾਲਾਂ ਤੋਂ ਇਸੇ ਤਰੀਕੇ ਨਾਲ ਹੀ ਟੁੱਟੀਆਂ ਹੋਈਆਂ ਹਨ ਅਤੇ ਹੁਣ ਹਾਲਾਤ ਇਹ ਨੇ ਕਿ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਲੋਕਾਂ ਨੂੰ ਇਹ ਨਜ਼ਾਰਾ ਆਮ ਦੇਖਣ ਨੂੰ ਮਿਲ ਜਾਂਦਾ ਹੈ। ਟੁੱਟੀਆਂ ਹੋਈਆਂ ਸੜਕਾਂ ਕਰਕੇ ਜਿੱਥੇ ਇਕ ਪਾਸੇ ਜਲੰਧਰ ਦੀ ਸੁੰਦਰਤਾ ਪੂਰੀ ਤਰ੍ਹਾਂ ਖ਼ਰਾਬ ਹੋਈ ਹੈ, ਦੂਸਰੇ ਪਾਸੇ ਰਫ਼ਤਾਰ ਨੂੰ ਵੀ ਬਰੇਕ ਲੱਗੀ ਹੈ।
ਅੱਜ ਜਲੰਧਰ ਦੀਆਂ ਸੜਕਾਂ ਦਾ ਇਹ ਹਾਲ ਹੈ ਕਿ ਜਲੰਧਰ ਵਿਖੇ ਆਮ ਲੋਕਾਂ ਦਾ ਗੱਡੀਆਂ ਲੈ ਕੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਕਈ ਇਲਾਕੇ ਤਾਂ ਅਜਿਹੇ ਹਨ ਜਿੱਥੇ ਲੱਗਦਾ ਹੀ ਨਹੀਂ ਕਿ ਕਦੀ ਸੜਕ ਬਣੀ ਹੋਵੇਗੀ। ਇਸ ਹਾਲਾਤ ਵਿੱਚ ਜਿੱਥੇ ਜਲੰਧਰ ਦੇ ਲੋਕ ਖਾਸੇ ਪ੍ਰੇਸ਼ਾਨ ਹਨ, ਉੱਧਰ ਦੂਸਰੇ ਪਾਸੇ ਸਰਕਾਰ ਤੇ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਸੂਬਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਹੁਣ ਮਹਿਜ਼ 2 ਸਾਲ ਦਾ ਸਮਾਂ ਰਹਿ ਗਿਆ ਹੈ ਅਤੇ ਹੁਣ ਵੇਖਣਾ ਇਹ ਹੋਵੇਗਾ, ਕੀ ਸਰਕਾਰ ਨੀਂਦ ਤੋਂ ਜਾਗੀ ਹੈ? ਜਾਂ ਫ਼ਿਰ ਲੋਕਾਂ ਨੂੰ ਅਜੇ ਵੀ ਇਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।