ਜਲੰਧਰ:ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਫਿਲੌਰ ਵਿਖੇ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਦੱਸ ਦਈਏ ਕਿ ਫਿਲੌਰ ਦੇ ਫਿਲੌਰ ਦੇ ਪਿੰਡ ਗੜ੍ਹਾ ਵਿਖੇ ਦੋ ਧਿਰਾਂ ਵਿਚਾਲੇ ਲੜਾਈ ਹੋਈ ਜਿਸ ਕਾਰਨ ਕਈ ਲੋਕ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਘਰਾਂ ਦੇ ਸਾਮਾਨ ਦੀ ਵੀ ਭੰਨਤੋੜ ਕੀਤੀ ਗਈ।
ਇਸ ਸਬੰਧੀ ਜ਼ਖਮੀ ਔਰਤ ਸੁਰਿੰਦਰ ਕੌਰ ਅਤੇ ਰਾਮ ਲੁਭਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਆਣ ਕੇ ਤੇਜ਼ ਹਥਿਆਰਾਂ ਨਾਲ ਲੈਸ ਦੋ ਦਰਜਨ ਦੇ ਕਰੀਬ ਹਮਲਾਵਰਾਂ ਵੱਲੋਂ ਭੰਨ ਤੋੜ ਕੀਤੀ ਤੇ ਕੁੱਟ ਮਾਰ ਕੀਤੀ। ਜਿਸ ਵਿੱਚ ਸੁਰਿੰਦਰ ਕੌਰ ਜ਼ਖ਼ਮੀ ਹੋ ਗਈ ਜਿਸ ਨੂੰ ਗੰਭੀਰ ਹਾਲਤ ਵਿੱਚ ਫਿਲੌਰ ਸਿਵਲ ਹਸਪਤਾਲ ਇਲਾਜ ਲਈ ਪਹੁੰਚਿਆ ਗਿਆ।
ਜਖਮੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਬਾਹਰ ਸੜਕ ਤੇ ਖੜ ਕੇ ਗੋਲਗੱਪੇ ਖਾ ਰਹੇ ਸੀ ਸਾਡੇ ਮੁੰਡਿਆਂ ਨੇ ਇਨ੍ਹਾਂ ਨੂੰ ਮੋਟਰਸਾਈਕਲ ਨੂੰ ਪਰੇ ਕਰਨ ਲਈ ਕਿਹਾ ਤਾਂ ਇਨ੍ਹਾਂ ਨੇ ਹੋਰ ਮੁੰਡੇ ਸੱਦ ਕੇ ਉਨ੍ਹਾਂ ਦੇ ਘਰਾਂ ਉੱਤੇ ਹਮਲਾ ਕਰਵਾ ਦਿੱਤਾ।