ਜਲੰਧਰ : ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨਾਲ ਜਿਹੜਾ ਪਹਿਲਾ ਵਿਵਾਦ ਜੁੜਿਆ ਉਹ ਹੈ, ਚੰਡੀਗੜ੍ਹ ਤੋਂ ਦਿੱਲੀ ਤੱਕ ਦਾ ਸਫ਼ਰ 16 ਸੀਟਰ ਜੈਟ ਰਾਹੀਂ ਤੈਅ ਕਰਨਾ। ਮੰਗਲਵਾਰ ਨੂੰ ਨਵਜੋਤ ਸਿੱਧੂ ਦੇ ਟਵਿਟਰ ਹੈਂਡਲ 'ਤੇ ਤਸਵੀਰ ਆਉਣ ਮਗਰੋਂ ਹੀ ਵਿਵਾਦ ਸ਼ੁਰੂ ਹੋ ਗਿਆ।
ਵਿਵਾਦ ਭਖਣ ਦੇ 2 ਦਿਨ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਗ਼ਰੀਬ ਦਾ ਮੁੰਡਾ ਜੈਟ 'ਤੇ ਚੜ੍ਹ ਗਿਆ ਤਾਂ ਕੀ ਪ੍ਰਾਬਲਮ ਹੈ?
ਜ਼ਿਕਰਯੋਗ ਹੈ ਕਿ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜਲੰਧਰ ਵਿਖੇ ਡੇਰਾ ਬੱਲਾਂ ਆਏ ਸੀ ਜਿੱਥੇ ਉਨ੍ਹਾਂ ਦਾ ਹੈਲੀਕਾਪਟਰ ਜਲੰਧਰ ਦੀ ਡੀਏਵੀ ਯੂਨੀਵਰਸਿਟੀ ਵਿਖੇ ਉਤਾਰਿਆ ਗਿਆ। ਇਸ ਮੌਕੇ ਜਦੋਂ ਉਹ ਬੱਚਿਆਂ ਨੂੰ ਮਿਲਣ ਲੱਗੇ ਤਾਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਵਿਰੋਧੀ ਧਿਰ ਇਸ ਗੱਲ 'ਤੇ ਨਿਸ਼ਾਨਾ ਚੁੱਕ ਰਹੀ ਹੈ ਕਿ ਤੁਸੀਂ ਚਾਰਟਰਡ ਜਹਾਜ਼ ਦਾ ਇਸਤੇਮਾਲ ਕੀਤਾ ਹੈ, ਇਸ ਦੇ ਜਵਾਬ ਵਿੱਚ ਚਰਨਜੀਤ ਚੰਨੀ ਨੇ ਕਿਹਾ ਕਿ ਜੇ ਗ਼ਰੀਬ ਦਾ ਬੱਚਾ ਜਹਾਜ਼ ਤੇ ਚੜ੍ਹ ਗਿਆ ਅਤੇ ਕੀ ਪ੍ਰਾਬਲਮ ਹੈ? ਪਰ ਇਹ ਪੁੱਛੇ ਜਾਣ 'ਤੇ ਕੀ ਜੈਟ ਦੀ ਇਹ ਸਵਾਰੀ ਨਿੱਜੀ ਖਰਚੇ 'ਤੇ ਹੋਈ ਹੈ ਕਿ ਸਰਕਾਰੀ ਖਰਚੇ 'ਤੇ, ਉਹ ਚੁੱਪ ਵੱਟ ਗਏ।
ਕੀ ਸੀ ਪੂਰਾ ਮਾਮਲਾ ?
ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ (CM Charanjit Singh Channi), ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ(Punjab Congress President Navjot Singh Sidhu), ਤੇ ਸਿੱਧੂ ਦਾ ਭਤੀਜਾ ਦਿੱਲੀ ਲਈ ਰਵਾਨਾ ਹੋਏ ਸਨ। ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਸ ਦੌਰਾਨ ਦਿੱਲੀ ਰਵਾਨਾ ਹੋਣ ਸਮੇਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਸੀ , ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ 'ਇੰਨ ਲਾਈਨ ਆਫ਼ ਡਿਊਟੀ'।