ਗੁਰਦਾਸਪੁਰ : ਮੁਹੱਲਾ ਨੰਗਲ ਕੋਟਲੀ 'ਚ ਪਿਛਲੇ 3 ਦਿਨਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ ਘਰਾਂ 'ਚ ਸੀਵਰੇਜ ਦਾ ਗੰਦਾ ਪਾਣੀ ਜਾਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਲੋਕਾਂ ਨੇ ਕਿਹਾ ਕਈ ਵਾਰ ਪ੍ਰਸਾਸ਼ਨ ਨੂੰ ਸ਼ਿਕਾਇਤ ਕੀਤੀ ਪਰ ਕੋਈ ਵੀ ਅਧਿਕਾਰੀ ਮੁਹੱਲੇ ਵਿਚੋਂ ਗੰਦਗੀ ਸਾਫ ਕਰਨ ਲਈ ਨਹੀਂ ਪਹੁੰਚਿਆ ਪਰ ਅੱਜ ਜਦੋਂ ਮੀਡੀਆ ਦੀ ਟੀਮ ਮੁਹੱਲੇ 'ਚ ਪਹੁੰਚੀ ਤਾਂ ਨਗਰ ਕੌਂਸਲ ਦੇ ਅਧਿਕਾਰੀ ਵੀ ਨੀਂਦ ਤੋਂ ਜਾਗੇ ਅਤੇ ਸਫਾਈ ਕਰਵਾਉਣ ਲਈ ਪਹੁੰਚ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਪਿਛਲੇ 3 ਦਿਨਾਂ ਤੋਂ ਮੁਹੱਲੇ 'ਚ ਸੀਵਰੇਜ ਬੰਦ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਪੂਰੇ ਮੁਹੱਲੇ 'ਚ ਗੰਦਗੀ ਫੈਲੀ ਹੋਈ ਹੈ ਜਿਸ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਦੇ ਲਈ ਮਜ਼ਬੂਰ ਹਨ।
ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਰਕੇ ਉਨ੍ਹਾਂ ਦੇ ਘਰਾਂ 'ਚ ਬੀਮਾਰੀਆਂ ਫੈਲਣ ਦਾ ਖਦਸ਼ਾ ਵੀ ਵਧ ਗਿਆ ਹੈ। ਡੇਂਗੂ ਦਾ ਪ੍ਰਕੋਪ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਵੀ ਅਜੇ ਤੱਕ ਇਸ ਮੁਹੱਲੇ ਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ।