ਅੰਮ੍ਰਿਤਸਰ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਜਿਸ ਦੇ ਚੱਲਦੇ ਸਰਹੱਦ ’ਤੇ ਲਗਾਤਾਰ ਡਰੋਨ ਦੀ ਹਲਚਲ (Pakistani Drone activity on punjab border) ਦੇਖਣ ਨੂੰ ਮਿਲ ਰਹੀ ਹੈ। ਪਰ ਸਰਹੱਦ ’ਤੇ ਤੈਨਾਤ ਬੀਐਸਐਫ ਦੇ ਜਵਾਨ ਪਾਕਿਸਤਾਨ ਦੀਆਂ ਸਾਰੀਆਂ ਨਾਪਾਕ ਹਰਕਤਾਂ ਨੂੰ ਰੋਕ ਦਿੰਦੇ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਅਜਨਾਲਾ ’ਚ ਭਾਰਤ ਪਾਕਿਸਤਾਨ ਸਰਹੱਦ ਤੋਂ ਸਾਹਮਣੇ ਆਇਆ ਜਿੱਥੇ ਡਰੋਨ ਦੀ ਹਲਚਲ ਦੇਖੀ ਗਈ।
ਇਕ ਵਾਰ ਫਿਰ ਤੋਂ ਸਰਹੱਦ ’ਤੇ ਡਰੋਨ ਦੀ ਹਲਚਲ: ਮਿਲੀ ਜਾਣਕਾਰੀ ਮੁਤਾਬਿਕ ਥਾਣਾ ਅਜਨਾਲਾ ਅਧੀਨ ਆਉਂਦੀ ਬੀਓਪੀ ਧਿਆਨ ਸਿੰਘ ਪੁਰਾ ਅਤੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਬੀਓਪੀ ਘੋਗਾ ਵਿਖੇ ਦੇਰ ਰਾਤ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨ ਅਲਰਟ ਹੋ ਗਏ।
ਬੀਐਸਐਫ ਜਵਾਨਾਂ ਨੇ ਕੀਤੀ ਡਰੋਨ ’ਤੇ ਫਾਇਰਿੰਗ: ਦੱਸ ਦਈਏ ਕਿ ਜਿਵੇਂ ਹੀ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦਿਖਾਈ ਦਿੱਤਾ ਉਸੀ ਸਮੇਂ ਉਨ੍ਹਾਂ ਨੇ ਡਰੋਨ ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਡਰੋਨ ਵਾਪਸ ਪਾਕਿਸਤਾਨ ਵੱਲ ਨੂੰ ਮੁੜ ਗਿਆ। ਇਸ ਮਾਮਲੇ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਵੀ ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲਦੀ ਰਹੀ ਹੈ ਅਤੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਦੇ ਖੇਤਾਂ ਚੋਂ ਵੀ ਇਕ ਡਰੋਨ ਮਿਲਿਆ ਸੀ ਜਿਸ ’ਤੇ ਪੁਲਿਸ ਨੇ ਸ਼ੱਕ ਜਤਾਇਆ ਸੀ ਕਿ ਸ਼ਾਇਦ ਇਹ ਡਰੋਨ ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਹੋ ਸਕਦਾ ਹੈ, ਜਿਸ ਸਬੰਧ ਵਿਚ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਅੱਜ ਰੋਪੜ ਪੁਲਿਸ ਅੱਗੇ ਪੇਸ਼ ਹੋਣਗੇ ਅਲਕਾ ਲਾਂਬਾ