ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਮੰਗਲਵਾਰ ਨੂੰ ਜਸਟਿਸ (ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਲੋਕਪਾਲ ਅਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ ’ਤੇ ਹਾਜ਼ਰ ਸਨ। ਇਹ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ 'ਚ ਕੀਤਾ ਗਿਆ।
ਪੰਜਾਬ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਰਾਜਪਾਲ ਤੋਂ ਪ੍ਰਵਾਨਗੀ ਲੈ ਕੇ ਇਸ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਸ਼ੁਰੂ ਕੀਤੀ। ਇਸ ਤੋਂ ਬਾਅਦ ਜਸਟਿਸ (ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੇ ਪੰਜਾਬ ਦੇ ਲੋਕਪਾਲ ਅਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਰਾਜਪਾਲ ਦੀ ਹਾਜ਼ਰੀ ਵਿੱਚ ਦਸਤਖ਼ਤ ਕਰਕੇ ਸਹੁੰ ਚੁੱਕੀ।
ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਸਾਲ 2006 ਤੋਂ 2010 ਤੱਕ ਪੰਜਾਬ ਤੇ ਹਰਿਆਣਾ ਵਿੱਚ ਬਤੌਰ ਜੱਜ ਸੇਵਾ ਨਿਭਾਈ ਸੀ। ਇਸ ਤੋਂ ਬਾਅਦ ਉਨਾਂ ਸਾਲ 2010 ਤੋਂ 2013 ਤੱਕ ਹਾਈ ਕੋਰਟ ਮਦਰਾਸ ਵਿਖੇ ਪਰਮਾਨੈਂਟ ਜੱਜ ਵਜੋਂ ਸੇਵਾ ਨਿਭਾਈ ਸੀ। ਸਾਲ 2013 ਵਿੱਚ ਉਨਾਂ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਸੀਨੀਅਰ ਐਡਵੋਕੇਟ ਦੇ ਅਹੁਦੇ ਨਾਲ ਨਵਾਜ਼ਿਆ ਸੀ।
ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਫ਼ੌਜ ਵਿੱਚ 38 ਸਾਲ ਆਪਣੀਆਂ ਸੇਵਾਵਾਂ ਨਿਭਾਈਆਂ। ਉਨਾਂ ਨੇ ਉੱਤਰ-ਪੂਰਵ ਵਿੱਚ ਇਨਫੈਨਟਰੀ ਬ੍ਰਿਗੇਡ ਦੀ ਅਗਵਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਹਿੱਸੇ ਵਜੋਂ ਡੀ.ਆਰ. ਕਾਂਗੋ ਵਿੱਚ ਮਲਟੀ ਨੈਸ਼ਨਲ ਬਿ੍ਰਗੇਡ ਦੀ ਵੀ ਬੜੇ ਗੌਰਵਮਈ ਢੰਗ ਨਾਲ ਅਗਵਾਈ ਕੀਤੀ। ਸ਼ਰਮਾ ਨੇ ਸਾਲ 2005 ਵਿੱਚ ਕਾਰਜਸ਼ੀਲ ਹੋਏ ਰਾਈਟ ਟੂ ਇਨਫਰਮੇਸ਼ਨ ਐਕਟ ਨੂੰ ਫ਼ੌਜ ਵਿੱਚ ਲਾਗੂ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।