ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ IFS ਅਫ਼ਸਰ ਵਿਸ਼ਾਲ ਚੌਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। IFS ਅਫ਼ਸਰ ਵਿਸ਼ਾਲ ਚੌਹਾਨ ਖ਼ਿਲਾਫ਼ 02 ਜੁਲਾਈ ਨੂੰ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਇਆ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜੋ:ਸੈਲਾਨੀਆਂ ਨਾਲ ਭਰੀ ਕਾਰ ਢੇਲਾ ਨਦੀ ਵਿੱਚ ਰੁੜ੍ਹੀ, 6 ਲਾਸ਼ਾ ਬਰਾਮਦ, ਪੰਜਾਬ ਤੋਂ ਸਬੰਧਤ ਸੈਲਾਨੀ ਵੀ ਸਨ ਮੌਜੂਦ
ਭ੍ਰਿਸ਼ਟਾਚਾਰ ਮਾਮਲੇ ਵਿੱਚ ਕਾਰਵਾਈ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਵਣ ਮੰਡਲ ਅਫਸਰ ਮੁਹਾਲੀ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਇਸੇ ਸੰਬੰਧੀ ਕੀਤੀ ਤਫਤੀਸ਼ ਦੌਰਾਨ ਵਣਪਾਲ ਵਿਸ਼ਾਲ ਚੌਹਾਨ ਆਈਐਫਐਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੋਲੋਨਾਈਜਰ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਤੋਂ ਮੰਗੀ ਸੀ ਰਿਸ਼ਵਤ: ਉਹਨਾਂ ਨੇ ਦੱਸਿਆ ਕਿ ਵਿਸ਼ਾਲ ਚੌਹਾਨ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਨਾਲ ਮਿਲਕੇ ਕੋਲੋਨਾਈਜਰ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਪਾਸੋਂ ਮੋਟੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਕੋਲੋਨਾਈਜਰ ਦਵਿੰਦਰ ਸਿੰਘ ਸੰਧੂ ਨੂੰ ਇਹ ਸਰਕਾਰੀ ਕਾਰਵਾਈ ਦਾ ਡਰਾਵਾ ਦੇ ਕੇ ਰਿਸ਼ਵਤ ਦੀ ਮੰਗ ਕਰ ਰਹੇ ਹਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਦਵਿੰਦਰ ਸਿੰਘ ਸੰਧੂ ਵਾਸੀ ਮਕਾਨ ਨੰਬਰ 292 ਸੈਕਟਰ 10 ਚੰਡੀਗੜ੍ਹ ਪਾਸ ਪਿੰਡ ਮਸੌਲ ਅਤੇ ਟਾਂਡਾ, ਸਬ ਤਹਿਸੀਲ ਮਾਜਰੀ ਜ਼ਿਲਾ ਐਸਏਐਸ ਨਗਰ ਵਿਖੇ ਕਰੀਬ 100 ਏਕੜ ਜ਼ਮੀਨ ਕੰਪਨੀ ਦੇ ਨਾਮ ਉੱਪਰ ਹੈ। ਇਸ ਜ਼ਮੀਨ ਦਾ ਕੁਝ ਹਿੱਸਾ ਪੀਐਲਪੀਏ ਕਾਨੂੰਨ ਦੀ ਧਾਰਾ 4 ਅਧੀਨ ਆਉਦਾ ਹੈ।
ਉਨਾਂ ਦੱਸਿਆ ਕਿ ਮਿਤੀ 24-04-2022 ਨੂੰ ਰਣਜੋਧ ਸਿੰਘ ਰੇਂਜ ਅਫਸਰ ਵੱਲੋਂ ਦਵਿੰਦਰ ਸਿੰਘ ਸੰਧੂ ਦੇ ਪਿਤਾ ਕਰਨਲ ਬਲਜੀਤ ਸਿੰਘ ਸੰਧੂ ਅਤੇ ਉਨਾਂ ਦੇ ਦਫਤਰ ਦੇ ਕਰਮਚਾਰੀ ਤਰਸੇਮ ਸਿੰਘ ਖ਼ਿਲਾਫ਼ ਕੁਦਰਤੀ ਜੰਗਲੀ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਗਾ ਕੇ ਇੱਕ ਸ਼ਿਕਾਇਤ ਮੁੱਖ ਅਫ਼ਸਰ ਥਾਣਾ ਨਵਾਂ ਗਰਾਉ ਨੂੰ ਦਿੱਤੀ ਗਈ ਸੀ। ਇਸ ਉਪਰੰਤ ਮਿਤੀ 27-04-2022 ਨੂੰ ਦਵਿੰਦਰ ਸਿੰਘ ਸੰਧੂ ਨੂੰ ਰਣਜੋਧ ਸਿੰਘ ਰੇਂਜ ਅਫਸਰ ਅਤੇ ਅਮਨ ਜੰਗਲਾਤ ਪਟਵਾਰੀ ਨੇ ਨੇ ਕਿਹਾ ਕਿ ਜੋ ਉਕਤ ਦਰਖਾਸਤ ਉਸ ਵੱਲੋਂ ਥਾਣਾ ਨਵਾਂ ਗਰਾਉ ਵਿਖੇ ਦਿੱਤੀ ਗਈ ਹੈ ਇਹ ਦਰਖ਼ਾਸਤ ਉਸਨੇ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵਣਪਾਲ ਸ਼ਿਵਾਲਿਕ ਸਰਕਲ ਦੇ ਕਹਿਣ ਤੇ ਦਿੱਤੀ ਹੈ। ਇਸ ਲਈ ਤੁਸੀਂ ਇਸ ਸਬੰਧੀ ਉਨਾਂ ਨੂੰ ਮਿਲ ਕੇ ਗੱਲਬਾਤ ਕਰੋ ਨਹੀਂ ਤਾਂ ਤੁਹਾਡੇ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਜਾਵੇਗੀ।
ਇਸ ਤੋਂ ਬਾਅਦ ਦਵਿੰਦਰ ਸਿੰਘ ਸੰਧੂ ਨੂੰ ਮਿਤੀ 30-04-2022 ਨੂੰ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਅਤੇ ਗੁਰਅਮਨਪ੍ਰੀਤ ਸਿੰਘ ਮਿਲੇ ਅਤੇ ਉਨਾਂ ਦਰਮਿਆਨ ਰਣਜੋਧ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਸਬੰਧੀ ਕਰੀਬ ਡੇਢ ਘੰਟਾ ਗੱਲਬਾਤ ਹੁੰਦੀ ਰਹੀ ਜੋ ਕਿ ਸਾਰੀ ਗੱਲਬਾਤ ਦੀ ਦਵਿੰਦਰ ਸਿੰਘ ਸੰਧੂ ਨੇ ਵੀਡੀਓ ਰਿਕਾਰਡਿੰਗ ਕਰ ਲਈ ਅਤੇ ਠੇਕੇਦਾਰ ਹੰਮੀ ਦੇ ਕਹਿਣ ਉੱਤੇ ਦਵਿੰਦਰ ਸਿੰਘ ਸੰਧੂ ਨੇ 2 ਲੱਖ ਰੁਪਏ ਦਾ ਪੈਕਟ ਗੁਰਅਮਨਪ੍ਰੀਤ ਸਿੰਘ ਨੂੰ ਦੇ ਦਿੱਤਾ ਅਤੇ ਉਸਨੇ ਆਪਣੇ ਪਾਸ ਰੱਖ ਲਿਆ। ਇਸ ਮੌਕੇ ਗੁਰਅਮਨਪ੍ਰੀਤ ਸਿੰਘ ਨੇ ਦਵਿੰਦਰ ਸਿੰਘ ਸੰਧੂ ਨੂੰ ਦੱਸਿਆ ਕਿ ਉਹ ਇਸ ਪ੍ਰਾਜੈਕਟ ਬਾਰੇ ਵਿਸ਼ਾਲ ਚੌਹਾਨ ਵਣਪਾਲ ਨਾਲ ਗੱਲ ਕਰਕੇ ਬਾਕੀ ਪੈਸਿਆਂ ਸਬੰਧੀ ਬਾਅਦ ਵਿੱਚ ਦੱਸੇਗਾ।
ਇਸ ਕੇਸ ਦਾ ਹੋਰ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਠੇਕੇਦਾਰ ਹੰਮੀ ਨੇ ਦਵਿੰਦਰ ਸੰਧੂ ਨਾਲ ਸੰਪਰਕ ਕਰਕੇ ਉਸ ਨੂੰ ਦੱਸਿਆ ਕਿ ਉਸ ਦੀ ਅਤੇ ਗੁਰਅਮਨਪ੍ਰੀਤ ਦੀ ਵਿਸ਼ਾਲ ਚੌਹਾਨ ਨਾਲ ਗੱਲਬਾਤ ਹੋ ਚੁੱਕੀ ਹੈ ਜਿਨਾਂ ਨੇ ਇਹ ਕਿਹਾ ਹੈ ਕਿ ਜੇਕਰ ਪ੍ਰੋਜੈਕਟ ਦੀ ਸ਼ੁਰੂਆਤ ਕਰਨੀ ਹੈ ਤਾਂ ਉਸ ਵਿੱਚੋਂ ਇੱਕ ਕਰੋੜ ਰੁਪਏ ਪਹਿਲਾਂ ਅਤੇ ਫਿਰ ਦੱਸ ਲੱਖ ਰੁਪਏ ਪ੍ਰਤੀ ਮਹੀਨਾ ਅਤੇ ਜੋ ਵੀ ਜ਼ਮੀਨ ਵਿਕੇਗੀ ਉਸ ਵਿਚੋਂ ਪੰਜ ਲੱਖ ਰੁਪਏ ਬਤੌਰ ਹਿੱਸਾ ਦੇਣਾ ਪਵੇਗਾ ਪਰ ਦਵਿੰਦਰ ਸਿੰਘ ਸੰਧੂ ਇਹ ਸਾਰੀ ਰਿਸ਼ਵਤ ਦੇਣ ਲਈ ਸਹਿਮਤ ਨਹੀਂ ਹੋਇਆ।
ਕੁਰੱਪਸ਼ਨ ਹੈਲਪਲਾਈਨ ਉੱਪਰ ਕੀਤੀ ਸੀ ਸ਼ਿਕਾਇਤ:ਇਸ ਪਿੱਛੋਂ ਦਵਿੰਦਰ ਸਿੰਘ ਸੰਧੂ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਉੱਪਰ ਸ਼ਿਕਾਇਤ ਕਰਨ ਉਪਰੰਤ ਵਿਜੀਲੈਂਸ ਬਿਓਰੋ ਵੱਲੋਂ ਉਕਤ ਮੁਕੱਦਮੇ ਵਿਚ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹੰਮੀ ਨੂੰ ਗਿ੍ਰਫ਼ਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਜਿਸ ਦੌਰਾਨ ਸਾਹਮਣੇ ਆਏ ਤੱਥਾਂ ਮੁਤਾਬਕ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵੱਲੋਂ ਹਮਸਲਾਹ ਰਾਹੀਂ ਆਪਣੇ ਹੇਠਲੇ ਕਰਮਚਾਰੀਆਂ ਉੱਤੇ ਦਬਾਅ ਪਾਕੇ ਦਵਿੰਦਰ ਸਿੰਘ ਸੰਧੂ ਦੇ ਪਿਤਾ ਵਿਰੁੱਧ ਨਵਾਂ ਗਰਾਓਂ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਉਨਾਂ ਵਿਰੁੱਧ ਮੁਕੱਦਮਾ ਨੰਬਰ 39 ਮਿਤੀ 09-05-2022 ਅਧੀਨ ਧਾਰਾ 4, 5 ਪੀਐਲਪੀਏ ਕਾਨੂੰਨ ਹੇਠ ਦਰਜ ਕਰਵਾ ਦਿੱਤਾ ਗਿਆ ਸੀ।
ਇਸ ਉਪਰੰਤ ਅਗਲੇ ਦਿਨ ਮਿਤੀ 10-05-2022 ਨੂੰ ਵਿਸ਼ਾਲ ਚੌਹਾਨ ਵੱਲੋਂ ਗੁਰਅਮਨਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਆਪਣੇ ਅਧੀਨ ਕਰਮਚਾਰੀਆਂ ਨੂੰ ਕਿਹਾ ਕਿ ਇਸ ਦਰਜ ਮੁਕੱਦਮੇ ਵਿਚ ਦਵਿੰਦਰ ਸਿੰਘ ਸੰਧੂ ਦਾ ਨਾਮ ਵੀ ਸ਼ਾਮਲ ਕਰਵਾਇਆ ਜਾਵੇ ਅਤੇ ਮੁਕੱਦਮੇ ਵਿਚ ਵਾਧਾ ਜੁਰਮ ਕਰਾਉਣ ਸਬੰਧੀ ਵੀ ਕਾਰਵਾਈ ਕੀਤੀ ਜਾਵੇ। ਜਿਸ ਸਬੰਧੀ ਉਸ ਵੱਲੋਂ ਖੁਦ ਤਿਆਰ ਕੀਤੀ ਇਕ ਟਾਈਪਸ਼ੁਦਾ ਦਰਖਾਸਤ ਵੀ ਮੁਹੱਈਆ ਕਰਵਾਈ ਗਈ।
ਇਹ ਵੀ ਪੜੋ:ਰਣਜੀਤ ਐਵੀਨਿਊ ’ਚ ਧੋਖਾਧੜੀ ਮਾਮਲਾ: 4 ਦਿਨ ਦੇ ਪੁਲਿਸ ਰਿਮਾਂਡ ‘ਤੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ