ਸਿਆਸੀ ਆਗੂਆਂ ਤੇ ਅਫ਼ਸਰਾਂ ਦੇ ‘ਅਣ–ਅਧਿਕਾਰਤ’ ਗੰਨਮੈਨ ਲਏ ਜਾਣਗੇ ਵਾਪਸ - ਦਿਨਕਰ ਗੁਪਤਾ
ਸਿਆਸੀ ਆਗੂਆਂ ਤੇ ਅਫ਼ਸਰਾਂ ਨਾਲ ਲੱਗੇ ਸਾਰੇ ‘ਅਣ–ਅਧਿਕਾਰਤ’ ਗੰਨਮੈਨ ਤੁਰੰਤ ਲਏ ਜਾਣਗੇ ਵਾਪਸ। ਇਸ ਸਬੰਧੀ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰਾਂ, ਐੱਸਐੱਸਪੀਜ਼ ਤੇ ਬਟਾਲੀਅਨਾਂ ਦੇ ਕਮਾਂਡੈਂਟਸ ਨੂੰ ਦਿੱਤੇ ਹੁਕਮ।
ਚੰਡੀਗੜ੍ਹ: ਸਿਆਸੀ ਆਗੂਆਂ ਤੇ ਅਫ਼ਸਰਾਂ ਨਾਲ ਲੱਗੇ ਸਾਰੇ ‘ਅਣ–ਅਧਿਕਾਰਤ’ ਗੰਨਮੈਨ ਤੁਰੰਤ ਵਾਪਸ ਲਏ ਜਾਣਗੇ। ਇਸ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰਾਂ, ਐੱਸਐੱਸਪੀਜ਼ ਤੇ ਬਟਾਲੀਅਨਾਂ ਦੇ ਕਮਾਂਡੈਂਟਸ ਨੂੰ ਹਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਦਿਨਕਰ ਗੁਪਤਾ ਨੇ ਇਸ ਨੂੰ ਸਰਕਾਰ ਦੇ ਕੀਮਤੀ ਵਸੀਲਿਆਂ ਤੇ ਮਾਨਵ–ਸ਼ਕਤੀ ਦਾ ਨੁਕਸਾਨ ਵੀ ਕਰਾਰ ਦਿੱਤਾ ਹੈ।
ਇਸ ਤੋਂ ਇਲਾਵਾ ਡੀਜੀਪੀ ਨੇ ਚਿੱਠੀ ਵਿੱਚ ਲਿਖਿਆ ਕਿ ਜੇ 14 ਮਾਰਚ ਤੱਕ ਇਹ ਗੰਨਮੈਨ ਵਾਪਸ ਨਾ ਲਏ ਗਏ, ਤਾਂ ਅਜਿਹੇ ਹਰੇਕ ਕਾਂਸਟੇਬਲ ਦੀ ਤਨਖ਼ਾਹ ਐੱਸਐੱਸਪੀ, ਪੁਲਿਸ ਕਮਿਸ਼ਨਰ ਜਾਂ ਸਬੰਧਤ ਕਮਾਂਡੈਂਟ ਦੀਆਂ ਤਨਖ਼ਾਹਾਂ 'ਚੋਂ ਕੱਟੀ ਜਾਵੇਗੀ। ਡੀਜੀਪੀ ਨੇ ਚਿੱਠੀ ਵਿੱਚ ਲਿਖਿਆ ਕਿ ਉਨ੍ਹਾਂ ਤੋਂ ਪਹਿਲਾਂ ਦੇ ਡੀਜੀਪੀ ਨੇ ਵੀ ਅਜਿਹੀਆਂ ਚਿੱਠੀਆਂ ਕੱਢੀਆਂ ਸਨ ਪਰ ਉਨ੍ਹਾਂ ਦੀ ਗੱਲ ਨੂੰ ਧਿਆਨ ਵਿੱਚ ਨਹੀਂ ਲਿਆਂਦਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੂਬੇ ਦੇ ਸੁਰੱਖਿਆ–ਘੇਰੇ ਦੀ ਸਮੀਖਿਆ ਕਰਵਾਈ ਗਈ ਸੀ ਜਿਸ ਦੇ ਨਤੀਜਿਆਂ 'ਤੇ ਦਿਨਕਰ ਗੁਪਤਾ ਨੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਜ਼ਿਲ੍ਹੇ ਤੇ ਸ਼ਹਿਰਾਂ ਦੇ ਪੁਲਿਸ ਮੁਖੀਆਂ ਦੀ ਆਲੋਚਨਾ ਵੀ ਕੀਤੀ।